ਲੰਡਨ: ਭਾਰਤ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਆਪਣੇ ਆਖਰੀ ਕੌਮਾਂਤਰੀ ਮੈਚ ਤੋਂ ਇੱਕ ਦਿਨ ਪਹਿਲਾਂ ਅੱਜ ਇੱਥੇ ਕਿਹਾ ਕਿ ਦੋ ਦਹਾਕਿਆਂ ਦੇ ਕਰੀਅਰ ‘ਚ ਉਸ ਨੂੰ ਸਿਰਫ ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਨਾ ਜਿੱਤਣ ਦਾ ਅਫਸੋਸ ਹੈ। ਝੂਲਨ ਸ਼ਨਿਚਰਵਾਰ ਨੂੰ ਇਤਿਹਾਸਕ ਲਾਰਡਜ਼ ਮੈਦਾਨ ‘ਤੇ ਇੰਗਲੈਂਡ ਖ਼ਿਲਾਫ਼ ਤੀਜੇ ਇੱਕ ਰੋਜ਼ਾ ਮੈਚ ਤੋਂ ਬਾਅਦ ਸੰਨਿਆਸ ਲੈ ਲਵੇਗੀ। ਮੀਡੀਆ ਨਾਲ ਗੱਲਬਾਤ ਦੌਰਾਨ ਝੂਲਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਇੱਕ ਰੋਜ਼ਾ ਵਿਸ਼ਵ ਕੱਪ ਦੇ 2005 ਅਤੇ 2017 ਦੇ ਐਡੀਸ਼ਨਾਂ ‘ਚ ਟੀਮ ਦੇ ਉਪ ਜੇਤੂ ਰਹਿਣ ‘ਤੇ ਉਸ ਨੂੰ ਹਮੇਸ਼ਾ ਪਛਤਾਵਾ ਰਹੇਗਾ। 39 ਸਾਲਾ ਸੱਜੇ ਹੱਥ ਦੀ ਗੇਂਦਬਾਜ਼ ਨੇ ਕਿਹਾ, ”ਮੈਂ ਦੋ ਵਿਸ਼ਵ ਕੱਪ ਫਾਈਨਲ ਖੇਡ ਚੁੱਕੀ ਹਾਂ ਪਰ ਇਕ ਵੀ ਟਰਾਫੀ ਨਹੀਂ ਜਿੱਤ ਸਕੀ। ਜੇ ਅਸੀਂ ਦੋਵਾਂ ‘ਚੋਂ ਕਿਸੇ ਇੱਕ ਵਿੱਚ ਵੀ ਚੈਂਪੀਅਨ ਬਣਦੇ ਤਾਂ ਮੇਰੇ ਅਤੇ ਟੀਮ ਲਈ ਬਹੁਤ ਵਧੀਆ ਹੁੰਦਾ। -ਪੀਟੀਆਈ