12.4 C
Alba Iulia
Monday, May 13, 2024

ਲੱਡੂ ਵੰਡ ਫੌਜਣੇ ਨੀਂ…

Must Read


ਜੱਗਾ ਸਿੰਘ ਆਦਮਕੇ

ਹਰ ਖਿੱਤੇ ਦਾ ਸੱਭਿਆਚਾਰ ਸਬੰਧਤ ਖਿੱਤੇ ਦੇ ਹਰ ਪੱਖ ਨੂੰ ਆਪਣੇ ਵਿੱਚ ਸਮੇਟਦਾ ਹੈ। ਸਬੰਧਤ ਸਮਾਜ ਦੇ ਸਾਰੇ ਪੱਖ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਸੱਭਿਆਚਾਰ ਦਾ ਹਿੱਸਾ ਹੁੰਦੇ ਹਨ। ਕੁਝ ਅਜਿਹਾ ਹੀ ਪੰਜਾਬੀ ਸੱਭਿਆਚਾਰ ਵਿੱਚ ਵੀ ਹੈ। ਪੰਜਾਬੀਆਂ ਦੀਆਂ ਖਾਣ-ਪੀਣ ਨਾਲ ਸਬੰਧਤ ਲੋੜਾਂ, ਆਦਤਾਂ, ਖਾਣ-ਪੀਣ ਦੀਆਂ ਵਸਤੂਆਂ, ਮਠਿਆਈਆਂ ਆਦਿ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਹਿੱਸਾ ਹਨ। ਇਨ੍ਹਾਂ ਖਾਣ-ਪੀਣ ਦੀਆਂ ਵਸਤੂਆਂ, ਪਦਾਰਥਾਂ ਦਾ ਜ਼ਿਕਰ ਵੱਖ ਵੱਖ ਤਰੀਕਿਆਂ ਨਾਲ ਪੰਜਾਬੀ ਲੋਕ ਗੀਤਾਂ, ਲੋਕ ਬੋਲੀਆਂ ਆਦਿ ਵਿੱਚ ਮਿਲਦਾ ਹੈ। ਹੋਰਨਾਂ ਖਾਣ-ਪੀਣ ਦੀਆਂ ਵਸਤੂਆਂ ਦੇ ਨਾਲ ਨਾਲ ਮਠਿਆਈ ਲੱਡੂ ਪੰਜਾਬੀ ਜਨ ਜੀਵਨ ਤੇ ਸੱਭਿਆਚਾਰ ਵਿੱਚ ਖਾਸ ਸਥਾਨ ਰੱਖਣ ਵਾਲੀ ਵਸਤੂ ਹੈ। ਭਾਰਤ ਦੇ ਦੂਸਰੇ ਹਿੱਸਿਆਂ ਵਾਂਗ ਪੰਜਾਬੀਆਂ ਦੇ ਬਹੁਤ ਸਾਰੇ ਮੌਕਿਆਂ ‘ਤੇ ਲੱਡੂਆਂ ਦਾ ਉਪਯੋਗ ਹੁੰਦਾ ਹੈ। ਪੰਜਾਬੀਆਂ ਦੇ ਵਿਆਹਾਂ ਸਮੇਂ ਬਣਦੀਆਂ ਮਠਿਆਈਆਂ ਵਿੱਚੋਂ ਲੱਡੂ ਪ੍ਰਮੁੱਖ ਮਠਿਆਈ ਹੈ। ਅਸਲ ਵਿੱਚ ਲੱਡੂ ਪੰਜਾਬੀਆਂ ਦੀ ਮਨਪਸੰਦ ਖੁਰਾਕ ਰਹੇ ਹਨ। ਅਜਿਹਾ ਹੋਣ ਦਾ ਇੱਕ ਕਾਰਨ ਲੱਡੂ ਬਣਾਉਣ ਲਈ ਉਪਯੋਗ ਹੁੰਦਾ ਮੁੱਖ ਪਦਾਰਥ ਬੇਸਣ ਹੈ, ਜਿਹੜਾ ਸਿਹਤ ਲਈ ਅਨੇਕਾਂ ਪੱਖਾਂ ਤੋਂ ਗੁਣਕਾਰੀ ਹੈ। ਵਿਆਹ ਜਾਣ ਸਬੰਧੀ ਇੱਕ ਸੁਪਨਾ ਲੱਡੂ ਖਾਣਾ ਵੀ ਹੁੰਦਾ ਹੈ। ਵਿਆਹ ਜਾ ਕੇ ਲੱਡੂਆਂ ਨੂੰ ਖਾਣ ਦਾ ਪੂਰਾ ਲੁਤਫ ਉਠਾਇਆ ਜਾਂਦਾ ਹੈ। ਵਿਆਹ ਜਾਣ ਦਾ ਟੀਚਾ ਲੱਡੂ ਖਾਣਾ ਕੁਝ ਇਸ ਤਰ੍ਹਾਂ ਹੁੰਦਾ ਹੈ:

ਛੱਕ ਭਰਨ ਤੂੰ ਆਈ ਨੀਂ ਮਾਮੀਏ

ਟੂਮਾਂ ਟੱਲੇ ਪਾ ਆਈ।

ਨੀਂ ਵੀਰ ਮੇਰੇ ਨੂੰ ਕੱਪੜਾ ਨਾ ਲੀੜਾ

ਨਾ ਕੜਾ ਛਾਪ ਕੋਈ ਪਾਈ।

ਨੀਂ ਡਾਰ ਜਵਾਕਾਂ ਦੀ

ਲੱਡੂ ਖਾਣ ਨੂੰ ਲਿਆਈ

ਪੰਜਾਬੀ ਜਨ ਜੀਵਨ ਵਿੱਚ ਲੱਡੂ ਦੀ ਅਹਿਮੀਅਤ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਹਰ ਖੁਸ਼ੀ ਦੇ ਮੌਕੇ ‘ਤੇ ਲੱਡੂ ਆਪਣੀ ਮੌਜੂਦਗੀ ਵਿਖਾਉਂਦੇ ਹਨ। ਕਿਸੇ ਸਫਲਤਾ, ਜਿੱਤ ਦੀ ਖੁਸ਼ੀ ਵਰਗੇ ਖਾਸ ਮੌਕਿਆਂ ‘ਤੇ ਲੱਡੂ ਵੰਡ ਕੇੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਕਿਸੇ ਵੱਲੋਂ ਆਪਣੇ ਦੀ ਕਿਸੇ ਕਿਸਮ ਦੀ ਖੁਸ਼ੀ ਮਿਲਣ ‘ਤੇ ਲੱਡੂ ਵੰਡਣ ਦਾ ਜ਼ਿਕਰ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ :

ਲੱਡੂ ਵੰਡਦੀ ਕਚਹਿਰੀਓਂ ਆਵਾਂ

ਪਹਿਲੀ ਪੇਸ਼ੀ ਯਾਰ ਛੁੱਟ ਜੇ।

ਕਿਸੇ ਵੀ ਕਿਸਮ ਦੀ ਜਿੱਤ ਦੀ ਖੁਸ਼ੀ ਦਾ ਹੋਣਾ ਅਤੇ ਉਸ ਨੂੰ ਵੱਖ ਵੱਖ ਤਰੀਕਿਆਂ ਨਾਲ ਮਨਾਇਆ ਜਾਣਾ ਮਨੁੱਖ ਦੀ ਫਿਤਰਤ ਰਹੀ ਹੈ। ਪੰਜਾਬੀਆਂ ਵੱਲੋਂ ਆਪਣੀ ਅਜਿਹੀ ਕਿਸੇ ਸਫਲਤਾ ਦੀ ਖੁਸ਼ੀ ਨੂੰ ਲੱਡੂ ਵੰਡ ਕੇ ਮਨਾਇਆ ਜਾਂਦਾ ਹੈ। ਫਿਰ ਭਾਵੇਂ ਉਹ ਖੇਡਾਂ ਜਾਂ ਜੰਗ ਦੇ ਮੈਦਾਨ ਦੀ ਜਿੱਤ ਹੀ ਕਿਉਂ ਨਾ ਹੋਵੇ। ਲੋਕ ਟੱਪਿਆਂ, ਬੋਲੀਆਂ ਵਿੱਚ ਜੰਗ ਜਿੱਤ ਕੇ ਆਏ ਫੌਜੀ ਦੀ ਘਰਵਾਲੀ ਨੂੰ ਲੱਡੂ ਵੰਡਣ ਲਈ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:

ਲੱਡੂ ਵੰਡ ਫੌਜਣੇ ਨੀਂ

ਫੌਜੀ ਜੰਗ ਜਿੱਤ ਕੇ ਆਇਆ।

ਲੱਡੂ ਹਰ ਪੰਜਾਬੀਆਂ ਦੀ ਮਨ ਪਸੰਦ ਮਠਿਆਈ ਰਹੀ ਹੈ ਅਤੇ ਅੱਜ ਵੀ ਲੱਡੂਆਂ ਦਾ ਮਹੱਤਵ ਕਾਇਮ ਹੈ। ਲੱਡੂਆਂ ਨੂੰ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਵੱਲੋਂ ਸ਼ੌਕ ਨਾਲ ਖਾਧਾ ਜਾਂਦਾ ਹੈ। ਕਿਸੇ ਮੁਟਿਆਰ ਦੇ ਲੱਡੂਆਂ ਦੀ ਹੱਦੋਂ ਵੱਧ ਸ਼ੌਕੀਨ ਹੋਣ ਸਬੰਧੀ ਟੱਪਿਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ :

ਲੱਡੂਆਂ ਨੇ ਤੈਨੂੰ ਪੱਟਿਆ

ਤੇਰੀ ਤੋਰ ਨੇ ਪੱਟੇ ਪਟਵਾਰੀ।

ਪੰਜਾਬ ਦੇ ਮੇਲਿਆਂ ‘ਤੇ ਜਲੇਬੀਆਂ ਆਦਿ ਵਰਗੀਆਂ ਮਠਿਆਈਆਂ ਦੇ ਨਾਲ ਨਾਲ ਲੱਡੂਆਂ ਦੀ ਮੌਜੂੂਦਗੀ ਹੋਣੀ ਵੀ ਲਾਜ਼ਮੀ ਹੈ। ਫਿਰ ਅਜਿਹਾ ਹੋਣ ਕਾਰਨ ਮੇਲੇ ਗਏ ਕਿਸੇ ਆਪਣੇ ਤੋਂ ਲੱਡੂ ਲਿਆਉਣ ਦੀ ਉਮੀਦ ਹੋਣਾ ਵੀ ਜ਼ਰੂਰੀ ਹੈ। ਮੇਲੇ ਜਾਣ ਵਾਲੇ ਆਪਣੇ ਕਿਸੇ ਪਿਆਰੇ ਅੱਗੇ ਲੱਡੂ ਲਿਆਉਣ ਦੀ ਇੱਛਾ ਕੁਝ ਇਸ ਤਰ੍ਹਾਂ ਜ਼ਾਹਿਰ ਕੀਤੀ ਗਈ ਮਿਲਦੀ ਹੈ :

ਜੇ ਚੱਲਿਆਂ ਵੇ ਤੂੰ ਮੇਲੇ

ਲੱਡੂ ਲਿਆਈਂ ਮੋਤੀਚੂਰ ਦੇ।

ਬਾਜ਼ਾਰ ਜਾਣ ‘ਤੇ ਵੀ ਲੱਡੂ ਖਰੀਦਣ ਦੀ ਇੱਛਾ ਲੋਕਗੀਤਾਂ, ਲੋਕ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ :

ਨਿੱਤ ਨਿੱਤ ਨੀਂ ਬਜ਼ਾਰੀ ਆਉਣਾ

ਵੇ ਲੱਡੂ ਲੈ ਦੇ ਮੋਤੀਚੂਰ ਦੇ।

ਪੰਜਾਬੀ ਜਨ ਜੀਵਨ ਵਿੱਚ ਲੱਡੂਆਂ ਦਾ ਮੱਹਤਵ ਵੱਖ ਵੱਖ ਪੱਖਾਂ ਤੋਂ ਹੋਣ ਦੇ ਨਾਲ ਨਾਲ ਇਸ ਦਾ ਆਸਥਾ ਅਤੇ ਲੋਕ ਵਿਸ਼ਵਾਸਾਂ ਨਾਲ ਜੁੜਨਾ ਵੀ ਜ਼ਰੂਰੀ ਹੈ। ਲੱਡੂਆਂ ਦਾ ਧਾਰਮਿਕ ਤੇ ਆਸਥਾ ਦੇ ਪੱਖ ਤੋਂ ਕਾਫ਼ੀ ਮਹੱਤਵ ਹੈ। ਧਾਰਮਿਕ ਸਥਾਨਾਂ ‘ਤੇ ਲੱਡੂਆਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਚੜ੍ਹਾਏ ਜਾਣ ਦੀ ਵੀ ਪਰੰਪਰਾ ਹੈ। ਸੁੱਖਣਾ ਦੇ ਰੂਪ ਵਿੱਚ ਲੱਡੂ ਚੜ੍ਹਾਉਣ ਅਤੇ ਕਿਸੇ ਵਿਸ਼ੇਸ਼ ਉਦੇਸ਼ ਲਈ ਲੱਡੂਆਂ ਦੀ ਸੁੱਖ ਸੁੱਖਣ ਸਬੰਧੀ ਲੋਕ ਬੋਲੀਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਇੱਕ ਦਿਨ ਬਾਬਾ ਬਹਿ ਗਿਆ

ਬਹਿ ਗਿਆ ਵਿੱਚ ਡੇਰੇ ਜਾ ਕੇ।

ਆਖਣ ਲੱਗਾ ਤਰਲੇ ਕਰਦਾ

ਤੂੰ ਤਾਂ ਦਿਲਾਂ ਦੀਆਂ ਜਾਣੇ।

ਸਵਾ ਮਣ ਮੈਂ ਲੱਡੂ ਚੜ੍ਹਾਵਾਂ

ਤਾਜ਼ੇ ਲੱਡੂ ਬਣਵਾ ਕੇ।

ਬਾਬਾ ਬੈਠਾ ਅਰਜ਼ ਕਰੇ

ਮੇਰੀ ਮੁੜ ਜਵਾਨੀ ਆ ਜੇ।

ਕਈ ਸਥਿਤੀਆਂ ਵਿੱਚ ਲੱਡੂਆਂ ਦੀ ਇੱਛਾ ਦਾ ਪੂਰੀ ਹੋਣਾ ਅਸੰਭਵ ਵੀ ਹੁੰਦਾ। ਜੇਕਰ ਲੱਡੂਆਂ ਦੀ ਇੱਛਾ ਹੋਣ ਦੇ ਬਾਵਜੂਦ ਨਾ ਮਿਲਣ ਤਾਂ ਫਿਰ ਮਨ ਨੂੰ ਕੁਝ ਇਸ ਤਰ੍ਹਾਂ ਵੀ ਸਮਝਾਇਆ ਜਾਂਦਾ :

ਜੇ ਤੇਰੇ ਘਰ ਹੈ ਨੀਂ ਲੱਡੂਏ

ਮੈਨੂੰ ‘ਕੱਲੀਓ ਸ਼ੱਕਰ ਪਾ ਦੇ।

ਲੱਡੂ ਹਰ ਕਿਸੇ ਦੀ ਪਸੰਦ ਹੋਣ ਕਾਰਨ ਆਪਣੇ ਪਿਆਰਿਆਂ ਨੂੰ ਲੱਡੂ ਪੇਸ਼ ਕੀਤਾ ਜਾਣਾ ਵੀ ਲਾਜ਼ਮੀ ਹੈ, ਪਰ ਅਜਿਹੇ ਸਬੰਧਾਂ ਬਾਰੇ ਲੋਕਾਂ ਨੂੰ ਪਤਾ ਲੱਗਣ ਸਬੰਧੀ ਲੋਕ ਬੋਲੀਆਂ, ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:

ਮੱਖੀਆਂ ਨੇ ਪੈੜ ਨੱਪ ਲੀ

ਲੱਡੂ ਖਾ ਕੇ ਚੁਬਾਰੇ ਵਿੱਚੋਂ ਨਿਕਲੀ।

ਲੱਡੂ ਪਸੰਦੀਦਾ ਮਠਿਆਈ ਹੋਣ ਕਾਰਨ ਆਪਣੇ ਪਿਆਰਿਆਂ ਅਤੇ ਸਬੰਧੀਆਂ ਨੂੰ ਇਹ ਸੁਗਾਤ ਦੇ ਰੂਪ ਵਿੱਚ ਵੀ ਭੇਟ ਕੀਤੇ ਜਾਂਦੇ ਹਨ, ਪਰ ਕਿਸੇ ਕਿਸੇ ਲਈ ਆਪਣੇ ਚਾਹੁਣ ਵਾਲੇ ਨੂੰ ਲੱਡੂ ਦੇਣ ਲਈ ਲੰਬਾ ਇੰਤਜ਼ਾਰ ਕਰਨ ਅਤੇ ਕੁਝ ਇਸ ਤਰ੍ਹਾਂ ਵੀ ਵਾਪਰਨ ਦਾ ਜ਼ਿਕਰ ਟੱਪਿਆਂ ਵਿੱਚ ਮਿਲਦਾ ਹੈ :

‘ਕੱਲੇ ਨੂੰ ‘ਕੱਲੀ ਨਾ ਟੱਕਰੀ

ਨੀਂ ਮੇਰੀ ਜੇਬ ਲੱਡੂਆਂ ਨੇ ਪਾੜੀ।

ਕਿਸੇ ਕਿਸੇ ਦਾ ਮਤਲਬ ਲੱਡੂਆਂ ਤੱਕ ਹੀ ਹੁੰਦਾ। ‘ਲੱਡੂ ਮੁੱਕਣਾ’ ਮਤਲਬ ਨਿਕਲਣ ਦਾ ਵੀ ਪ੍ਰਤੀਕ ਹੈ। ਮਤਲਬ ਨਿਕਲਣ ਤੋਂ ਬਾਅਦ ਲੋਕਾਂ ਦੇ ਕਿਨਾਰਾ ਕਰ ਜਾਣ ਸਬੰਧੀ ਵੀ ਟੱਪਿਆਂ, ਬੋਲੀਆਂ ਵਿੱਚ ਲੱਡੂਆਂ ਰਾਹੀਂ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:

ਲੱਡੂ ਮੁੱਕ ਗਏ, ਯਰਾਨੇ ਟੁੱਟ ਗਏ

ਕੱਚੀ ਯਾਰੀ ਲੱਡੂਆਂ ਦੀ।

ਨਾਨਕੇ ਚਾਈਂ ਚਾਈਂ ਜਾਣਾ ਅਤੇ ਨਾਨਕੇ ਘਰ ਉਨ੍ਹਾਂ ਦੀ ਖਾਣ-ਪੀਣ ਦੀ ਸੇਵਾ ਵੀ ਖੂਬ ਹੋਣਾ ਪੰਜਾਬੀਆਂ ਦਾ ਖਾਸਾ ਹੈ। ਨਾਨਕੇ ਘਰ ਹੋਰਨਾਂ ਖਾਣ ਪੀਣ ਵਾਲੀਆਂ ਵਸਤੂਆਂ ਨਾਲ ਤਰਜੀਹੀ ਆਧਾਰ ‘ਤੇ ਲੱਡੂ ਵੀ ਮਿਲਦੇ। ਲੱੱਡੂ ਵਿਆਹ ਸਮੇਂ ਬਣਾਈਆਂ ਜਾਂਦੀਆਂ ਮਠਿਆਈਆਂ ਵਿੱਚੋਂ ਪ੍ਰਮੁੱਖ ਹੁੰਦੇ ਹਨ। ਵਿਆਹ ਦੀਆਂ ਬਹੁਤ ਸਾਰੀਆਂ ਰਸਮਾਂ ਵਿੱਚ ਵੀ ਲੱਡੂ ਮਹੱਤਵਪੂਰਨ ਵਸਤੂ ਦੇ ਰੂਪ ਵਿੱਚ ਭੂਮਿਕਾ ਨਿਭਾਉਂਦੇ ਹਨ। ਅਜਿਹਾ ਹੋਣ ਕਾਰਨ ਹੀ ਵਿਆਹ ਸਮੇਂ ਗਾਏ ਜਾਂਦੇ ਗੀਤਾਂ ਵਿੱਚ ਲੱਡੂਆਂ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ :

ਲੱਡੂ ਪੱਕੇ ਮੱਠੇ ਪੱਕੇ

ਨਾਲ ਪਕਾਏ ਪੂੜੇ

ਹੁਣ ਸਾਨੂੰ ਜਾਣ ਦਿਓ

ਕਾਰਜ ਹੋ ਗਏ ਪੂਰੇ।

ਲੱਡੂਆਂ ਵਿੱਚ ਵਰਤਿਆ ਜਾਂਦਾ ਕਾਲੇ ਛੋਲਿਆਂ ਦਾ ਬੇਸਣ ਪ੍ਰੋਟੀਨ, ਫਾਈਬਰ ਅਤੇ ਬਹੁਤ ਸਾਰੇ ਸੂਖਮ ਖੁੁਰਾਕੀ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ ਦਾ ਸਿਹਤ ਨੂੰ ਅਨੇਕਾਂ ਪੱਖਾਂ ਤੋਂ ਲਾਭ ਮਿਲਦਾ ਹੈ। ਇਸ ਦਾ ਗਿਆਨ ਹੋਣ ਕਾਰਨ ਹੀ ਸ਼ਾਇਦ ਲੱਡੂ ਪੰਜਾਬੀਆਂ ਦੀ ਹਰਮਨ ਪਿਆਰੀ ਮਠਿਆਈ ਰਹੀ ਹੈ। ਲੱਡੂਆਂ ਦੀ ਹਰਮਨਪਿਆਰਤਾ ਕਾਰਨ ਹਰ ਕਿਸੇ ਦੀ ਲੱਡੂ ਖਾਣ ਦੀ ਇੱਛਾ ਹੁੰਦੀ, ਪਰ ਜੇਕਰ ਕਿਸੇ ਦੀ ਹੈਸੀਅਤ ਹੋਣ ਦੇ ਬਾਵਜੂਦ ਲੱਡੂਆਂ ਦੀ ਇੱਛਾ ਅਧੂਰੀ ਰਹੇ ਤਾਂ ਉਲ੍ਹਾਮਾ ਕੁਝ ਇਸ ਤਰ੍ਹਾਂ ਦਿੱਤਾ ਮਿਲਦਾ ਹੈ:

ਆਰੀ ਆਰੀ ਆਰੀ

ਮੁੰਡਾ ਰੋਵੇ ਅੰਬੀਆਂ ਨੂੰ

ਤੂੰ ਕਾਹਦਾ ਪਟਵਾਰੀ

ਲੱਡੂਆਂ ਨੂੰ ਚਿੱਤ ਕਰਦਾ

ਤੇਰੀ ਕੀ ਮੁੰਡਿਆ ਸਰਦਾਰੀ

ਕਿਸੇ ਲਈ ਲੱਡੂਆਂ ਨੂੰ ਤਰਜੀਹ ਦੇਣ ਦਾ ਕਾਰਨ ਲੱਡੂਆਂ ਦਾ ਸੁਆਦ ਅਤੇ ਪੋਸ਼ਟਿਕਤਾ ਭਰਪੂਰ ਹੋਣਾ ਹੋ ਸਕਦਾ ਹੈ, ਪਰ ਲੋਕ ਬੋਲੀਆਂ ਵਿੱਚ ਇਸ ਨੂੰ ਪਸੰਦ ਕਰਨ ਦਾ ਕਾਰਨ ਕੁਝ ਇਸ ਤਰ੍ਹਾਂ ਬਿਆਨ ਕੀਤਾ ਮਿਲਦਾ ਹੈ :

ਝਾਮਾਂ ਝਾਮਾਂ ਝਾਮਾਂ

ਕੁੜਤੀ ਲਿਆ ਦੇ ਟੂਲ ਦੀ

ਰੇਸ਼ਮੀ ਸੁੱਥਣ ਨਾਲ ਪਾਵਾਂ

ਕੰਨਾਂ ਨੂੰ ਕਰਾ ਦੇ ਡੰਡੀਆਂ

ਤੇਰਾ ਜਸ ਗਿੱਧੇ ਵਿੱਚ ਗਾਵਾਂ

ਮਿਸ਼ਰੀ ਕੜਕ ਬੋਲਦੀ

ਲੱਡੂ ਲਿਆਵੇਂ ਤਾਂ ਭੋਰ ਕੇ ਖਾਵਾਂ।

ਨਾਨਕਾ ਮੇਲ ਪੰਜਾਬੀ ਵਿਆਹ ਵਿੱਚ ਕਾਫ਼ੀ ਅਹਿਮ ਸਥਾਨ ਰੱਖਦਾ ਹੈ। ਵਿਆਹ ਦੀਆਂ ਬਹੁਤ ਸਾਰੀਆਂ ਰਸਮਾਂ ਵਿੱਚ ਨਾਨਕਾ ਮੇਲ ਦਾ ਬੋਲ ਬਾਲਾ ਹੋਣਾ ਲਾਜ਼ਮੀ ਹੈ। ਗਿੱਧਾ ਪਾਉਣ ਸਮੇਂ ਵੀ ਨਾਨਕੀਆਂ ਆਪਣੀ ਪੂਰੀ ਹੋਂਦ ਵਿਖਾਉਂਦੀਆਂ ਹਨ। ਨੱਚਣ ਸਮੇਂ ਨਾਨਕੀਆਂ- ਦਾਦਕੀਆਂ ਵੱਲੋਂ ਇੱਕ ਦੂਸਰੇ ਨੂੰ ਕੀਤੇ ਜਾਂਦੇ ਮਜ਼ਾਕ ਵਿੱਚ ਲੱਡੂਆਂ ਦਾ ਜ਼ਿਕਰ ਕੁਝ ਇਸ ਤਰ੍ਹਾਂ ਹੁੰਦਾ ਹੈ :

ਖਾਧੇ ਸੀ ਲੱਡੂ, ਜੰਮੇ ਸੀ ਡੱਡੂ

ਟੋਭੇ ਛੱਡਣ ਗਈਆਂ

ਨੀਂ ਬੀਬੀ ਤੇਰੀਆਂ ਨਾਨਕੀਆਂ।

ਇਸ ਤਰ੍ਹਾਂ ਲੱਡੂ ਪੰਜਾਬੀ ਜਨ ਜੀਵਨ ਤੇ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ ਅਤੇ ਲੱਡੂਆਂ ਦਾ ਸਬੰਧ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਰਸਮਾਂ ਨਾਲ ਕਾਫ਼ੀ ਗਹਿਰਾ ਹੈ। ਇਸ ਦਾ ਅਨੁਮਾਨ ਇਸ ਦਾ ਜ਼ਿਕਰ ਪੰਜਾਬੀ ਲੋਕ ਗੀਤਾਂ, ਲੋਕ ਬੋਲੀਆਂ ਵਿੱਚ ਵੱਡੇ ਪੱਧਰ ‘ਤੇ ਮਿਲਣ ਅਤੇ ਪੰਜਾਬੀ ਰਸਮਾਂ ਵਿੱਚ ਇਸ ਦੀ ਹੋਂਦ ਤੋਂ ਲਗਾਇਆ ਜਾ ਸਕਦਾ ਹੈ।
ਸੰਪਰਕ: 81469-24800



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -