ਦੁਬਈ, 28 ਸਤੰਬਰ
ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਅੱਜ ਜਾਰੀ ਕੀਤੀ ਗਈ ਟੀ20 ਕੌਮਾਂਤਰੀ ਪੁਰਸ਼ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ‘ਚ ਇਕ ਵਾਰ ਫਿਰ ਤੋਂ ਕਰੀਅਰ ਦੇ ਦੂਜੇ ਸਭ ਤੋਂ ਵਧੀਆ ਸਥਾਨ ‘ਤੇ ਪਹੁੰਚ ਗਿਆ ਹੈ। ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ20 ਲੜੀ ਦੇ ਆਖਰੀ ਮੈਚ ਵਿੱਚ 36 ਗੇਂਦਾਂ ਵਿੱਚ 69 ਦੌੜਾਂ ਦੀ ਪਾਰੀ ਖੇਡਣ ਤੋ ਬਾਅਦ ਸੂਰਿਆਕੁਮਾਰ ਦੇ ਨਾਮ 801 ਰੇਟਿੰਗ ਅੰਕ ਹੋ ਗਏ ਹਨ। ਉਸ ਨੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਦੋ ਹੋਰ ਰੇਟਿੰਗ ਅੰਕਾਂ ਨਾਲ ਪਛਾੜ ਕੇ ਦੂਜਾ ਸਥਾਨ ਹਾਸਲ ਕੀਤਾ। ਉਹ ਹਾਲਾਂਕਿ ਪਹਿਲਾਂ ਵੀ ਦੂਜੇ ਸਥਾਨ ‘ਤੇ ਪਹੁੰਚ ਚੁੱਕਾ ਹੈ। ਉਸ ਨੇ ਅਗਸਤ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਲੜੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਸੀ। ਉੱਧਰ, ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ ਸਥਾਨ ‘ਤੇ ਕਾਇਮ ਹੈ ਜਦਕਿ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਰੈਂਕਿੰਗ ਵਿੱਚ ਇਕ ਸਥਾਨ ਦਾ ਸੁਧਾਰ ਕੀਤਾ ਹੈ। ਰੋਹਿਤ 13ਵੇਂ ਜਦਕਿ ਕੋਹਲੀ 15ਵੇਂ ਸਥਾਨ ‘ਤੇ ਪਹੁੰਚ ਗਿਆ। ਭਾਰਤੀ ਉਪ ਕਪਤਾਨ ਲੋਕੇਸ਼ ਰਾਹੁਲ ਨੂੰ ਰੈਂਕਿੰਗ ਵਿੱਚ ਚਾਰ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 22ਵੇਂ ਸਥਾਨ ‘ਤੇ ਫਿਸਲ ਗਿਆ ਹੈ। -ਪੀਟੀਆਈ