ਸਿਲਹਟ, 7 ਅਕਤੂਬਰ
ਪਾਕਿਸਤਾਨ ਨੇ ਅੱਜ ਇਥੇ ਮਹਿਲਾ ਟੀ-20 ਏਸ਼ੀਆ ਕੱਪ ਕ੍ਰਿਕਟ ਮੈਚ ਵਿੱਚ ਭਾਰਤ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਨਿਦਾ ਡਾਰ ਦੇ ਅਜੇਤੂ ਅਰਧ ਸੈਂਕੜੇ ਦੇ ਬਾਵਜੂਦ ਪਾਕਿਸਤਾਨੀ ਟੀਮ ਅੱਜ ਮਹਿਲਾ ਏਸ਼ੀਆ ਕੱਪ ਟੀ-20 ਕ੍ਰਿਕਟ ਮੈਚ ਵਿੱਚ ਛੇ ਵਿਕਟਾਂ ‘ਤੇ 137 ਦੌੜਾਂ ਬਣਾ ਸਕੀ। ਨਿਦਾ ਨੇ 37 ਗੇਂਦਾਂ ਦੀ ਆਪਣੀ ਪਾਰੀ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 56 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਪਾਕਿਸਤਾਨ ਦੇ ਕਪਤਾਨ ਬਿਸਮਾਹ ਮਾਰੂਫ ਨੇ 32 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤੀ ਗੇਂਦਬਾਜ਼ਾਂ ਵਿੱਚੋਂ ਦੀਪਤੀ ਸ਼ਰਮਾ ਸਭ ਤੋਂ ਸਫਲ ਰਹੀ, ਜਿਸ ਨੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਸ ਤੋਂ ਇਲਾਵਾ ਪੂਜਾ ਵਸਤਰਕਾਰ ਨੇ ਦੋ ਅਤੇ ਰੇਣੁਕਾ ਸਿੰਘ ਨੇ ਇਕ ਵਿਕਟ ਲਈ। ਇਸ ਦੇ ਜੁਆਬ ਵਿੱਚ ਭਾਰਤੀ ਪੂਰੀ ਟੀਮ 19.4 ਓਵਰਾਂ ਵਿੱਚ 124 ਦੌੜਾਂ ‘ਤੇ ਆਊਟ ਹੋ ਗਈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਕਪਤਾਨ ਬਿਸਮਾਹ ਮਾਰੂਫ਼ ਨੇ ਅੱਜ ਇਥੇ ਭਾਰਤ ਖ਼ਿਲਾਫ਼ ਮਹਿਲਾ ਏਸ਼ੀਆ ਕੱਪ ਟੀ-20 ਮੈਚ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਆਪਣੇ ਤਿੰਨੇ ਮੈਚ ਜਿੱਤੇ ਹਨ, ਜਦਕਿ ਪਾਕਿਸਤਾਨ ਪਿਛਲੇ ਮੈਚ ਵਿੱਚ ਥਾਈਲੈਂਡ ਤੋਂ ਹਾਰ ਗਿਆ ਸੀ। ਕਪਤਾਨ ਹਰਮਨਪ੍ਰੀਤ ਕੌਰ ਨੇ ਟੀਮ ਵਿੱਚ ਵਾਪਸੀ ਕੀਤੀ ਹੈ। ਉਸ ਨੂੰ ਕਿਰਨ ਨਵਗਿਰੇ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਓਪਨਰ ਸ਼ੈਫਾਲੀ ਵਰਮਾ ਨੂੰ ਥਾਂ ਨਹੀਂ ਮਿਲੀ। ਉਹ ਪਿਛਲੇ ਮੈਚ ਵਿਚ ਵੀ ਨਹੀਂ ਸੀ ਖੇਡੀ। ਸਨੇਹ ਰਾਣਾ ਦੀ ਥਾਂ ਰਾਧਾ ਯਾਦਵ ਨੂੰ ਟੀਮ ਵਿੱਚ ਲਿਆ ਗਿਆ ਹੈ। ਪਾਕਿਸਤਾਨ ਨੇ ਕਾਇਨਾਤ ਇਮਤਿਆਜ਼ ਅਤੇ ਡਾਇਨਾ ਬੇਗ਼ ਦੀ ਜਗ੍ਹਾ ਖੱਬੂ ਸਪਿਨਰਾਂ ਸਾਦੀਆ ਇਕਬਾਲ ਅਤੇ ਏਮਾਨ ਅਨਵਰ ਨੂੰ ਰੱਖਿਆ ਹੈ।