ਕੋਲਕਾਤਾ, 20 ਅਕਤੂਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਮੁਖੀ ਦੇ ਅਹੁਦੇ ਲਈ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੂੰ ਨਾਮਜ਼ਦ ਨਾ ਕਰਕੇ ਉਨ੍ਹਾਂ ਨੂੰ ਇਸ ਪ੍ਰਕਿਰਿਆ ਤੋਂ ਵਾਂਝਾ ਕੀਤਾ ਗਿਆ ਹੈ। ਉਨ੍ਹਾਂ ਇਸ ਨੂੰ ‘ਸ਼ਰਮਨਾਕ ਸਿਆਸੀ ਬਦਲਾਖੋਰੀ’ ਕਰਾਰ ਦਿੱਤਾ। ਬੈਨਰਜੀ ਨੇ ਕਿਹਾ ਕਿ ਜੇਕਰ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਵੀ ਇਸ ਤਰ੍ਹਾਂ ਵਾਂਝਾ ਰੱਖਿਆ ਜਾਂਦਾ ਤਾਂ ਵੀ ਇਹੀ ਗੱਲ ਕਹੀ ਜਾਂਦੀ। ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਹੋਰ ਦੇ ਹਿੱਤ ਸੁਰੱਖਿਅਤ ਰੱਖਣ ਲਈ ਗਾਂਗੁਲੀ ਨੂੰ ਚੋਣ ਲੜਨ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਉਨ੍ਹਾਂ ਨੂੰ ਆਈਸੀਸੀ ‘ਚ ਕਿਉਂ ਨਹੀਂ ਭੇਜਿਆ ਗਿਆ? ਇਹ ਕਿਸੇ ਦੇ ਹਿੱਤਾਂ ਨੂੰ (ਕ੍ਰਿਕਟ ਬੋਰਡ ਵਿੱਚ) ਸੁਰੱਖਿਅਤ ਰੱਖਣ ਲਈ ਕੀਤਾ ਗਿਆ। ਮੈਂ ਇਸ ਬਾਰੇ ਕਈ ਭਾਜਪਾ ਆਗੂਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਵਾਂਝੇ ਰੱਖਿਆ ਗਿਆ। ਇਹ ਸ਼ਰਮਨਾਕ ਸਿਆਸੀ ਬਦਲਾਖੋਰੀ ਹੈ।’ਜ਼ਿਕਰਯੋਗ ਹੈ ਕਿ ਟੀਐੱਮਸੀ ਮੁਖੀ ਨੇ ਇਸ ਹਫ਼ਤੇ ਦੀ ਸ਼ੁਰੂਆਤ ‘ਚ ਗਾਂਗੁਲੀ ਨੂੰ ਬੀਸੀਸੀਆਈ ਦੇ ਪ੍ਰਧਾਨ ਵਜੋਂ ਦੂਜਾ ਕਾਰਜਕਾਲ ਨਾ ਮਿਲਣ ‘ਤੇ ਹੈਰਾਨੀ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ‘ਚ ਦਖਲ ਦੇਣ ਦੀ ਅਪੀਲ ਕੀਤੀ ਸੀ ਤਾਂ ਜੋ ਗਾਂਗੁਲੀ ਨੂੰ ਆਈਸੀਸੀ ਮੁਖੀ ਦੇ ਅਹੁਦੇ ਦੀ ਚੋਣ ਲੜਨ ਦੀ ਇਜਾਜ਼ਤ ਮਿਲ ਜਾਵੇ। -ਪੀਟੀਆਈ