ਪੋਂਟੇਵੇਂਦਰਾ (ਸਪੇਨ): ਵਿਕਾਸ (72 ਕਿਲੋ ਵਰਗ) ਅਤੇ ਨਿਤੇਸ਼ (97 ਕਿਲੋ ਵਰਗ) ਨੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਹਨ, ਜਿਸ ਨਾਲ ਭਾਰਤ ਇਸ ਚੈਂਪੀਅਨਸ਼ਿਪ ਦੀ ਗ੍ਰੀਕੋ ਰੋਮਨ ਸ਼ੈਲੀ ਵਿੱਚ ਤਿੰਨ ਤਗ਼ਮਿਆਂ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਵਿੱਚ ਸਫਲ ਰਿਹਾ। ਵਿਕਾਸ ਅਤੇ ਨਿਤੇਸ਼ ਨੇ ਬੁੱਧਵਾਰ ਰਾਤ ਨੂੰ ਇਹ ਤਗ਼ਮੇ ਜਿੱਤੇ। ਇਸ ਤੋਂ ਇੱਕ ਦਿਨ ਪਹਿਲਾਂ ਸਾਜਨ ਭਾਨਵਾਲਾ ਨੇ 77 ਕਿਲੋ ਵਰਗ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ ਜੋ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਸੀ। ਵਿਕਾਸ ਨੇ ਕਾਂਸੀ ਦੇ ਤਗ਼ਮੇ ਲਈ ਮੁਕਾਬਲੇ ਵਿੱਚ ਜਾਪਾਨ ਦੇ ਦਾਇਗੋ ਕੋਬਾਯਾਸ਼ੀ ਨੂੰ 6-0 ਨਾਲ ਜਦਕਿ ਨਿਤੇਸ਼ ਨੇ ਬਰਾਜ਼ੀਲ ਦੇ ਇਗੋਰ ਫਰਨਾਡੋ ਅਲਵੇਸ ਡੀ ਕਿਵਰੋਜ ਨੂੰ ਤਕਨੀਕੀ ਆਧਾਰ ‘ਤੇ ਹਰਾਇਆ। ਦੱਸਣਯੋਗ ਹੈ ਕਿ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਭਾਰਤ ਦੇ 10 ਵਿੱਚੋਂ ਸਿਰਫ 6 ਪਹਿਲਵਾਨਾਂ ਨੂੰ ਹੀ ਸਪੇਨ ਦਾ ਵੀਜ਼ਾ ਮਿਲਿਆ ਸੀ। -ਪੀਟੀਆਈ