ਮੁੰਬਈ: ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਪੰਜਾਬ ਦੇ ਮੁੰਡੇ ਵਿੱਕੀ ਕੌਸ਼ਲ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਵਿੱਚ ਦੋਵੇਂ ਇੱਕ ਦੂਜੇ ਨੂੰ ਜੱਫੀ ਪਾਈ ਦਿਖਾਈ ਦੇ ਰਹੇ ਹਨ। ਸ਼ਹਿਨਾਜ਼ ਨੇ ਆਖਿਆ, ‘ਹੁਣ ਬਣੀ ਨਾ ਗੱਲ… ਦੋ ਪੰਜਾਬੀ ਇੱਕ ਫਰੇਮ ਵਿੱਚ।’ ਜ਼ਿਕਰਯੋਗ ਹੈ ਕਿ ਦੋਵੇਂ ਕਲਾਕਾਰ ਫ਼ਿਲਮ ਨਿਰਮਾਤਾ ਰਮੇਸ਼ ਤੁਰਾਨੀ ਵੱਲੋਂ ਦਿੱਤੀ ਗਈ ਦੀਵਾਲੀ ਦੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਪਾਰਟੀ ਵਿੱਚ ਕੈਟਰੀਨਾ ਕੈਫ, ਰਿਤੇਸ਼ ਦੇਸ਼ਮੁਖ, ਰਕੁਲ ਪ੍ਰੀਤ ਸਿੰਘ ਅਤੇ ਸ਼ਿਲਪਾ ਸ਼ੈੱਟੀ ਸਣੇ ਸਿਨੇ ਜਗਤ ਦੀਆਂ ਹੋਰ ਕਈ ਹਸਤੀਆਂ ਵੀ ਸ਼ਾਮਲ ਹੋਈਆਂ ਸਨ। ਜ਼ਿਕਰਯੋਗ ਹੈ ਕਿ ਵਿੱਕੀ ਨੇ ਹਾਲ ਹੀ ਵਿੱਚ ਆਪਣੀ ਫ਼ਿਲਮ ‘ਸੈਮ ਬਹਾਦੁਰ’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਹ ਫਿਲਮ ਭਾਤਰ ਦੇ ਮਹਾਨ ਯੋਧਾ ਤੇ ਪਹਿਲੇ ਮਾਰਸ਼ਲ ਸੈਮ ਮਾਣਿਕਸ਼ਾਹ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਸੈਮ ਮਾਣਿਕਸ਼ਾਹ ਨੇ ਆਰਮੀ ਵਿੱਚ ਚਾਰ ਦਹਾਕਿਆਂ ਤੱਕ ਸੇਵਾਵਾਂ ਨਿਭਾਈਆਂ ਅਤੇ ਇਸ ਦੌਰਾਨ ਉਸ ਨੇ ਪੰਜ ਜੰਗਾਂ ਲੜੀਆਂ। ਉਹ ਪਹਿਲੇ ਭਾਰਤੀ ਫੌਜੀ ਅਧਿਕਾਰੀ ਸਨ, ਜਿਨ੍ਹਾਂ ਨੂੰ ਫੀਲਡ ਮਾਰਸ਼ਲ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ। 1971 ਦੀ ਭਾਰਤ-ਪਾਕਿ ਜੰਗ ਦੌਰਾਨ ਉਨ੍ਹਾਂ ਦੀ ਬਹਾਦਰੀ ਸਦਕਾ ਹੀ ਬੰਗਲਾਦੇਸ਼ ਨੂੰ ਆਜ਼ਾਦੀ ਹਾਸਲ ਹੋਈ ਸੀ। ਇਸ ਫਿਲਮ ਵਿੱਚ ਸਾਨਿਆ ਮਲਹੋਤਰਾ ਤੇ ਫਾਤਿਮਾ ਸਨਾ ਸ਼ੇਖ ਵੀ ਦਿਖਾਈ ਦੇਣਗੀਆਂ। ਦੂਜੇ ਪਾਸੇ ਸ਼ਹਿਨਾਜ਼ ਗਿੱਲ, ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿੱਚ ਦਿਖਾਈ ਦੇਵੇਗੀ। -ਆਈਏਐੱਨਐੱਸ