ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਆਉਣ ਵਾਲੀ ਫ਼ਿਲਮ ‘ਓਏ ਮੱਖਣਾ’ ਦਾ ਟ੍ਰੇਲਰ ਰਿਲੀਜ਼ ਕੀਤਾ ਜਾ ਚੁੱਕਿਆ ਹੈ। ਐਮੀ ਨੇ ਕਿਹਾ ਕਿ ਉਸ ਨੂੰ ਨਿਰਦੇਸ਼ਕ ਸਿਮਰਜੀਤ ਸਿੰਘ ਨਾਲ ਕੰਮ ਕਰਨਾ ਕਾਫੀ ਪਸੰਦ ਹੈ ਅਤੇ ਉਹ ਉਨ੍ਹਾਂ ਨਾਲ ਫ਼ਿਲਮ ‘ਅੰਗਰੇਜ਼’ ਅਤੇ ‘ਨਿੱਕਾ ਜ਼ੈਲਦਾਰ’ ਵਿੱਚ ਕੰਮ ਕਰ ਚੁੱਕਿਆ ਹੈ। ਫ਼ਿਲਮ ਨਿਰਮਾਤਾਵਾਂ ਨੇ ਇਸ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਹੈ, ਜਿਸ ਵਿੱਚ ਐਮੀ ਵਿਰਕ ਤੇ ਗੁੱਗੂ ਗਿੱਲ ਵੱਖਰੇ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਪਿੱਛੇ ਵਿਆਹ ਵਾਲਾ ਮਾਹੌਲ ਹੈ। ‘ਕਿਸਮਤ’ ਅਤੇ ‘ਕਿਸਮਤ-2’ ਵਰਗੀਆਂ ਹਿੱਟ ਫ਼ਿਲਮਾਂ ‘ਚ ਕੰਮ ਕਰਨ ਵਾਲੇ ਐਮੀ ਨੇ ਸਿਮਰਜੀਤ ਨਾਲ ਆਪਣੇ ਤਾਲਮੇਲ ਬਾਰੇ ਗੱਲਬਾਤ ਕਰਦਿਆਂ ਕਿਹਾ,” ਮੈਂ ਅਤੇ ਸਿਮਰਜੀਤ ਹਮੇਸ਼ਾ ਇਕੱਠੇ ਕੰਮ ਕਰਦਿਆਂ ਆਨੰਦ ਮਾਣਦੇ ਹਾਂ ਹੈ ਅਤੇ ‘ਯੂਡਲੀ’ ਫ਼ਿਲਮਜ਼ ਨਾਲ ਅਸੀਂ ਬੜੀ ਵਿਸ਼ੇਸ਼ ਤੇ ਦਿਲ ਦੀਆਂ ਗਹਿਰਾਈਆਂ ‘ਚੋਂ ਇਹ ਫ਼ਿਲਮ ਲੈ ਕੇ ਆਏ ਹਾਂ।” ਉਸ ਨੇ ਫ਼ਿਲਮ ਦੇ ਪਹਿਲੇ ਗੀਤ ‘ਚੜ੍ਹ ਗਈ-ਚੜ੍ਹ ਗਈ’ ਨੂੰ ਮਿਲ ਰਹੇ ਹੁੰਗਾਰੇ ਬਾਰੇ ਆਖਿਆ ਕਿ ਉਹ ਬਹੁਤ ਖੁਸ਼ ਹੈ ਤੇ ਹੁਣ ਫ਼ਿਲਮ ਦੇ ਪੋਸਟਰ ਤੇ ਟ੍ਰੇਲਰ ਨੂੰ ਵੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਵਿੱਚ ਐਮੀ ਵਿਰਕ ਨਾਲ ਤਾਨੀਆ, ਸਿਦੀਕਾ ਸ਼ਰਮਾ ਵੀ ਹਨ। ਇਹ ਫ਼ਿਲਮ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ ਤੇ ਫ਼ਿਲਮ 4 ਨਵੰਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ