ਮਾਸਕੋ: ਰੂਸ ਦੀ ਇੱਕ ਅਦਾਲਤ ਨੇ ਅਮਰੀਕੀ ਬਾਸਕਟਬਾਲ ਖਿਡਾਰਨ ਬ੍ਰਿਟਨੀ ਗ੍ਰਿਨਰ ਦੀ ਅਪੀਲ ਖਾਰਜ ਕਰਦਿਆਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ 9 ਸਾਲ ਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ। ਫੀਨਿਕਸ ਮਰਕਰੀ ਦੀ ਖਿਡਾਰੀ ਅਤੇ ਓਲੰਪਿਕ ਵਿੱਚ ਦੋ ਵਾਰ ਸੋਨ ਤਗਮਾ ਜੇਤੂ ਗ੍ਰਿਨਰ ਨੂੰ 4 ਅਗਸਤ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਪੁਲੀਸ ਨੇ ਦੱਸਿਆ ਕਿ ਮਾਸਕੋ ਦੇ ਸ਼ੇਰੇਮੇਤਯੇਵੋ ਹਵਾਈ ਅੱਡੇ ‘ਤੇ ਉਸ ਦੇ ਸਾਮਾਨ ‘ਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ। ਇਸ ਤੋਂ ਪਹਿਲਾਂ ਮਾਸਕੋ ਨੇੜਲੇ ਨੋਵੋਏ ਗ੍ਰੀਸ਼ਿਨੋ ਸ਼ਹਿਰ ਦੇ ਹਿਰਾਸਤੀ ਕੇਂਦਰ ‘ਚੋਂ ਉਸ ਨੂੰ ਆਨਲਾਈਨ ਜੱਜਾਂ ਸਾਹਮਣੇ ਆਖਰੀ ਬਿਆਨ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੌਰਾਨ ਗ੍ਰਿਨਰ ਨੇ ਕਿਹਾ ਕਿ ਉਸ ਦੀ ਅੱਠ ਮਹੀਨਿਆਂ ਦੀ ਹਿਰਾਸਤ ਅਤੇ ਦੋ ਮੁਕੱਦਮੇ ਬਹੁਤ ਤਣਾਅਪੂਰਨ ਰਹੇ। ਉਸ ਨੇ ਕਿਹਾ, ”ਮੇਰੇ ਤੋਂ ਗੰਭੀਰ ਅਪਰਾਧ ਕਰਨ ਵਾਲਿਆਂ ਨੂੰ ਮੇਰੇ ਤੋਂ ਘੱਟ ਸਜ਼ਾ ਦਿੱਤੀ ਗਈ ਹੈ।” ਉਸ ਨੇ ਗਲਤੀ ਲਈ ਮੁਆਫੀ ਮੰਗੀ ਅਤੇ ਕਿਹਾ, ”ਮੇਰਾ ਅਜਿਹਾ ਕਰਨ ਦਾ ਇਰਾਦਾ ਨਹੀਂ ਸੀ।” -ਰਾਇਟਰਜ਼/ਪੀਟੀਆਈ