ਲਾਹੌਰ: ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੇ ਪੁੱਤਰਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਖੈਬਰ ਪਖਤੂਨਖਵਾ ਸੂਬੇ ਦੀ ਪੁਲੀਸ ਨੇ ਇਸ ਸਿਆਸੀ ਆਗੂ ਤੇ ਉਨ੍ਹਾਂ ਦੇ ਪੁੱਤਰਾਂ ਦੀ ਸੁਰੱਖਿਆ ਲਈ ਕਮਾਂਡੋਜ਼ ਦਾ ਵਾਧੂ ਦਸਤਾ ਤਾਇਨਾਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸੂਬੇ ਵਿੱਚ ਆਜ਼ਾਦੀ ਰੈਲੀ ਦੌਰਾਨ ਵਜੀਰਾਬਾਦ ਵਿੱਚ ਇਮਰਾਨ ਖਾਨ ‘ਤੇ ਹਮਲਾ ਹੋਇਆ ਸੀ ਤੇ ਉਨ੍ਹਾਂ ਦੀ ਲੱਤ ਵਿੱਚ ਗੋਲੀ ਲੱਗੀ ਸੀ। ਇਸ ਹਮਲੇ ਮਗਰੋਂ ਤਹਿਰੀਕ-ਏ-ਇਨਸਾਫ ਪਾਰਟੀ ਨੇ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ‘ਤੇ ਬੇਭਰੋਸਗੀ ਪ੍ਰਗਟਾਈ ਸੀ। ਲਾਹੌਰ ਦੇ ਹਸਪਤਾਲ ਵਿੱਚ ਇਮਰਾਨ ਖਾਨ ਦੀ ਲੱਤ ਦੀ ਸਰਜਰੀ ਹੋਈ ਹੈ ਤੇ ਉਹ ਸਿਹਤਯਾਬ ਹੋ ਰਹੇ ਹਨ। ਲਾਹੌਰ ਵਿੱਚ ਹੁਣ ਇਮਰਾਨ ਖਾਨ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਖੈਬਰ ਪਖਤੂਨਖਵਾ ਸੂਬੇ ਦੀ ਪੁਲੀਸ ਨੇ ਕਮਾਡੋਜ਼ ਤਾਇਨਾਤ ਕੀਤੇ ਹਨ। ਇਮਰਾਨ ਖਾਨ ਦੇ ਪੁੱਤਰ ਵੀਰਵਾਰ ਨੂੰ ਆਪਣੇ ਪਿਤਾ ਨੂੰ ਮਿਲਣ ਲਈ ਲਾਹੌਰ ਪਹੁੰਚੇ ਸਨ। -ਪੀਟੀਆਈ