ਮਾਇਕੋਲਾਈਵ/ਵਾਸ਼ਿੰਗਟਨ, 11 ਨਵੰਬਰ
ਮੁੱਖ ਅੰਸ਼
- ਰੂਸ ਨੂੰ ਯੂਕਰੇਨ ਜੰਗ ‘ਚ ਇਕ ਹੋਰ ਝਟਕਾ
- ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੇ ਰੂਪ ‘ਚ ਵੱਡੀ ਮਦਦ
ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਉਨ੍ਹਾਂ ਡਨੀਪਰ ਨਦੀ ਦੇ ਪੱਛਮੀ ਕੰਢੇ ਤੋਂ ਸੈਨਾ ਵਾਪਸ ਸੱਦ ਲਈ ਹੈ। ਇਹ ਇਲਾਕਾ ਖੇਰਸਾਨ ਖੇਤਰ ਵਿਚ ਪੈਂਦਾ ਹੈ। ਯੂਕਰੇਨ ਜੰਗ ਵਿਚ ਮਾਸਕੋ ਲਈ ਇਹ ਇਕ ਹੋਰ ਵੱਡਾ ਝਟਕਾ ਹੈ। ਰੂਸ ਨੇ ਕਿਹਾ ਕਿ ਸੰਪੂਰਨ ਰੂਪ ‘ਚ ਸੈਨਾ ਮੁੜ ਆਈ ਹੈ ਤੇ ਹੁਣ ਉੱਥੇ ਇਕ ਵੀ ਫ਼ੌਜੀ ਉਪਕਰਨ ਨਹੀਂ ਬਚਿਆ। ਰੂਸੀ ਫ਼ੌਜ ਖੇਰਸਾਨ ਸ਼ਹਿਰ ਵਿਚੋਂ ਵੀ ਚਲੀ ਗਈ ਹੈ। ਯੂਕਰੇਨ ‘ਤੇ ਹਮਲੇ ਤੋਂ ਬਾਅਦ ਖੇਰਸਾਨ ਹੀ ਇਕੋ-ਇਕ ਖੇਤਰੀ ਰਾਜਧਾਨੀ ਬਚੀ ਸੀ ਜਿਸ ਉਤੇ ਰੂਸ ਦਾ ਕਬਜ਼ਾ ਸੀ। ਰੂਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਸੈਨਾ ਦਾ ਮੁੜਨਾ ਕਿਸੇ ਵੀ ਰੂਪ ਵਿਚ ਝਟਕਾ ਨਹੀਂ ਹੈ ਤੇ ਉਹ ਖੇਰਸਾਨ ਨੂੰ ਰੂਸ ਦੇ ਹਿੱਸੇ ਵਜੋਂ ਹੀ ਦੇਖਦੇ ਰਹਿਣਗੇ। ਜ਼ਿਕਰਯੋਗ ਹੈ ਕਿ ਰੂਸ ਨੇ ਮਹੀਨਾ ਪਹਿਲਾਂ ਖੇਰਸਾਨ ਖੇਤਰ ਸਣੇ ਕਈ ਇਲਾਕਿਆਂ ਦਾ ਮੁਲਕ ਵਿਚ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਨੂੰ ਦੁਨੀਆ ਭਰ ਵਿਚ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਸੀ। ਰੂਸ ਦੇ ਐਲਾਨ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਖੇਰਸਾਨ ਖੇਤਰ ਦੀ ਸਥਿਤੀ ਨੂੰ ਕਾਫ਼ੀ ‘ਮੁਸ਼ਕਲਾਂ ਭਰਿਆ’ ਦੱਸਿਆ ਸੀ। ਇਸੇ ਦੌਰਾਨ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਨੂੰ 40 ਕਰੋੜ ਡਾਲਰ ਦੀ ਫ਼ੌਜੀ ਮਦਦ ਦੇ ਰਹੇ ਹਨ। ਇਸ ਤੋਂ ਪਹਿਲਾਂ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਸੀ ਕਿ ਜੇ ਅਮਰੀਕੀ ਚੋਣਾਂ ਵਿਚ ਰਿਪਬਲਿਕਨ ਕਾਂਗਰਸ ‘ਤੇ ਕਾਬਜ਼ ਹੁੰਦੇ ਹਨ ਤਾਂ ਯੂਕਰੇਨ ਲਈ ਸਹਾਇਤਾ ਘੱਟ ਜਾਵੇਗੀ। ਮੰਗਲਵਾਰ ਹੋਈਆਂ ਚੋਣਾਂ ਲਈ ਗਿਣਤੀ ਜਾਰੀ ਹੈ ਤੇ ਰਿਪਬਲਿਕਨ ਮਾਮੂਲੀ ਫ਼ਰਕ ਨਾਲ ਸਦਨ ਵਿਚ ਬਹੁਮਤ ਹਾਸਲ ਕਰ ਰਹੇ ਹਨ। ਪੈਂਟਾਗਨ ਨੇ ਕਿਹਾ ਕਿ ਯੂਕਰੇਨ ਨੂੰ ਰੱਖਿਆ ਪੈਕੇਜ ਵਿਚ ‘ਐਵੇਂਜਰ ਏਅਰ ਡਿਫੈਂਸ ਸਿਸਟਮ’, ਆਰਟਿਲਰੀ ਰਾਕੇਟ ਦਿੱਤੇ ਜਾ ਰਹੇ ਹਨ। ਯੂਕਰੇਨ ਨੇ ਰੂਸ ਖ਼ਿਲਾਫ਼ ਪਹਿਲਾਂ ਵੀ ਸਫ਼ਲਤਾ ਨਾਲ ਇਨ੍ਹਾਂ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਸਟਿੰਗਰ ਮਿਜ਼ਾਈਲ, ਹੌਵਿਟਜ਼ਰਜ਼, ਗ੍ਰੇਨੇਡ ਲਾਂਚਰ ਤੇ ਹਮਵੀਜ਼ ਵਾਹਨ ਵੀ ਦਿੱਤੇ ਜਾ ਰਹੇ ਹਨ। ਅਮਰੀਕਾ ਦੱਖਣੀ ਕੋਰੀਆ ਤੋਂ ਵੀ ਇਕ ਲੱਖ ਹੌਵਿਟਜ਼ਰ ਆਰਟਿਲਰੀ ਰਾਊਂਡ ਖ਼ਰੀਦ ਰਿਹਾ ਹੈ ਜੋ ਉਹ ਯੂਕਰੇਨ ਨੂੰ ਦੇਵੇਗਾ। -ਏਪੀ