ਮਾਊਂਟ ਮੌਂਗਨੂਈ, 20 ਨਵੰਬਰ
ਲੈਅ ਵਿੱਚ ਚੱਲ ਰਹੇ ਸੂਰਿਆਕੁਮਾਰ ਯਾਦਵ ਦੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਦੂਜੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 191 ਦੌੜਾਂ ਬਣਾਈਆਂ ਸਨ। ਭਾਰਤ ਦੀ ਸ਼ੁਰੂਆਤ ਬਹੁਤੀ ਖਾਸ ਨਹੀਂ ਰਹੀ। ਰਿਸ਼ਭ ਪੰਤ ਨਾਲ ਪਾਰੀ ਦੀ ਸ਼ੁਰੂਆਤ ਕਰਨ ਦਾ ਭਾਰਤ ਦਾ ਤਜਰਬਾ ਕੰਮ ਨਹੀਂ ਆਇਆ, ਉਹ 13 ਗੇਂਦਾਂ ‘ਚ ਛੇ ਦੌੜਾਂ ਬਣਾ ਕੇ ਆਊਟ ਹੋ ਗਿਆ। ਪਾਵਰਪਲੇਅ ਵਿੱਚ ਭਾਰਤ ਨੇ ਇੱਕ ਵਿਕਟ ਗੁਆ ਕੇ 42 ਦੌੜਾਂ ਬਣਾਈਆਂ ਸਨ। ਮਗਰੋਂ ਮੀਂਹ ਕਾਰਨ ਕਰੀਬ ਅੱਧਾ ਘੰਟਾ ਖੇਡ ਖਰਾਬ ਹੋਈ ਪਰ ਕੋਈ ਓਵਰ ਨਹੀਂ ਘਟਿਆ। ਭਾਰਤ ਵੱਲੋਂ ਸੂਰਿਆਕੁਮਾਰ ਯਾਦਵ (51 ਗੇਂਦਾਂ ‘ਚ ਨਾਬਾਦ 111 ਦੌੜਾਂ) ਅਤੇ ਇਸ਼ਾਨ ਕਿਸ਼ਨ (31 ਗੇਂਦਾਂ ‘ਚ 36 ਦੌੜਾਂ) ਨੂੰ ਛੱਡ ਕੇ ਹੋਰ ਕੋਈ ਬੱਲੇਬਾਜ਼ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕਿਆ। ਇਸ ਦੌਰਾਨ ਨਿਊਜ਼ੀਲੈਂਡ ਦੇ ਟਿਮ ਸਾਊਦੀ ਨੇ ਲਗਾਤਾਰ ਤਿੰਨ ਗੇਂਦਾਂ ‘ਚ ਹਾਰਦਿਕ ਪੰਡਿਆ, ਦੀਪਕ ਹੁੱਡਾ ਤੇ ਵਾਸ਼ਿੰਗਟਨ ਸੁੰਦਰ ਦੀਆਂ ਵਿਕਟਾਂ ਲੈ ਕੇ ਹੈਟਰਿਕ ਲਾਈ।
ਭਾਰਤ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ 18.5 ਓਵਰਾਂ ‘ਚ 126 ਦੌੜਾਂ ‘ਤੇ ਹੀ ਢੇਰ ਹੋ ਗਈ। ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੇ 52 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਹਰਫਨਮੌਲਾ ਦੀਪਕ ਹੁੱਡਾ ਭਾਰਤੀ ਗੇਂਦਬਾਜ਼ਾਂ ‘ਚੋਂ ਸਭ ਤੋਂ ਸਫਲ ਰਿਹਾ, ਜਿਸ ਨੇ 2.5 ਓਵਰਾਂ ਵਿੱਚ 10 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਯੁਜਵੇਂਦਰ ਚਾਹਲ ਅਤੇ ਮੁਹੰਮਦ ਸਿਰਾਜ ਨੇ ਦੋ-ਦੋ ਅਤੇ ਭੁਵਨੇਸ਼ਵਰ ਕੁਮਾਰ ਤੇ ਵਾਸ਼ਿੰਗਟਨ ਸੁੰਦਰ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ