ਨਵੀਂ ਦਿੱਲੀ, 20 ਨਵੰਬਰ
ਸਪੇਨ ਦੇ ਲਾ ਨੁਸੀਆ ਵਿੱਚ ਚੱਲ ਰਹੀ ਵਿਸ਼ਵ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਅੱਜ ਏਸ਼ਿਆਈ ਯੁਵਾ ਚੈਂਪੀਅਨ ਵਿਸ਼ਵਨਾਥ ਸੁਰੇਸ਼ ਅਤੇ ਵੰਸ਼ਜ ਸਮੇਤ ਅੱਠ ਮੁੱਕੇਬਾਜ਼ਾਂ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਚੇਨੱਈ ਦੇ ਵਿਸ਼ਵਨਾਥ (48 ਕਿਲੋਗ੍ਰਾਮ) ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਇਟਲੀ ਦੇ ਅਟਰਾਤਿਵੋ ਸਾਲਵਾਤੋਰ ਨੂੰ 5-0 ਨਾਲ ਹਰਾਇਆ। ਇਸੇ ਤਰ੍ਹਾਂ ਸੋਨੀਪਤ ਦੇ ਵੰਸ਼ਜ (63.5 ਕਿਲੋਗ੍ਰਾਮ) ਨੇ ਵੀ ਸਪੇਨ ਦੇ ਕਾਕੁਲੋਵ ਐਨਰਿਕ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਜਾਦੂਮਨੀ ਸਿੰਘ (51 ਕਿਲੋ) ਅਤੇ ਆਸ਼ੀਸ਼ (54 ਕਿਲੋ) ਨੇ ਕ੍ਰਮਵਾਰ ਸਪੇਨ ਦੇ ਜਿਮੇਨੇਜ਼ ਅਸੀਅਰ ਅਤੇ ਫਿਲਪੀਨਜ਼ ਦੇ ਪਾਮਿਸਾ ਏਈਜੈ ਨੂੰ ਹਰਾਇਆ ਜਦਕਿ ਦੀਪਕ ਨੇ ਅਰਜਨਟੀਨਾ ਦੇ ਲੀਵਾ ਐਂਟੋਨੀਓ ਨੂੰ ਮਾਤ ਦਿੱਤੀ। ਮਹਿਲਾ ਵਰਗ ਵਿੱਚ ਭਾਵਨਾ ਸ਼ਰਮਾ (48 ਕਿਲੋ) ਅਤੇ ਏਸ਼ਿਆਈ ਯੁਵਾ ਚੈਂਪੀਅਨ ਤਮੰਨਾ (50 ਕਿਲੋ) ਕ੍ਰਮਵਾਰ ਪੋਲੈਂਡ ਦੀ ਓਲੀਵੀਆ ਜ਼ੁਜ਼ਾਨਾ ਅਤੇ ਫਿਨਲੈਂਡ ਦੀ ਪੀਆ ਜਾਰਵਿਨੇਨ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚੀਆਂ। ਗਰੀਵੀਆ ਦੇਵੀ ਨੇ 54 ਕਿਲੋ ਵਰਗ ਵਿੱਚ ਰੋਮਾਨੀਆ ਦੀ ਐਨਾ ਮਾਰੀਆ ਰੋਮਾਂਤੋਵ ਨੂੰ 5-0 ਨਾਲ ਹਰਾਇਆ। ਟੂਰਨਾਮੈਂਟ ਦੇ ਛੇਵੇਂ ਦਿਨ ਦੋ ਪੁਰਸ਼ ਮੁੱਕੇਬਾਜ਼ਾਂ ਸਮੇਤ ਪੰਜ ਭਾਰਤੀ ਮੁੱਕੇਬਾਜ਼ ਪ੍ਰੀ-ਕੁਆਰਟਰ ਫਾਈਨਲ ਵਿੱਚ ਹਿੱਸਾ ਲੈਣਗੇ। ਮਹਿਲਾ ਵਰਗ ਵਿੱਚ ਦੇਵਿਕਾ ਘੋਰਪੜੇ (52 ਕਿਲੋ), ਪ੍ਰੀਤੀ ਦਹੀਆ (57 ਕਿਲੋ) ਅਤੇ ਮਹਿਕ ਸ਼ਰਮਾ (66 ਕਿਲੋ) ਜਦੋਂਕਿ ਪੁਰਸ਼ ਵਰਗ ਵਿੱਚ ਸਾਹਿਲ ਚੌਹਾਨ (71 ਕਿਲੋ) ਅਤੇ ਭਰਤ ਜੂਨ (92 ਕਿਲੋ) ਰਿੰਗ ਵਿੱਚ ਉਤਰਨਗੇ। -ਪੀਟੀਆਈ