ਕੀਵ, 21 ਨਵੰਬਰ
ਯੂਕਰੇਨ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਰੂਸ ਦੇ ਕਬਜ਼ੇ ਵਿੱਚੋਂ ਛੁਡਵਾਏ ਖੇਰਸੋਨ ਖੇਤਰ ਅਤੇ ਇਸ ਦੇ ਗੁਆਂਢੀ ਸੂਬੇ ਮਾਈਕੋਲੇਵ ਵਿੱਚੋਂ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਬੁਨਿਆਦੀ ਢਾਂਚਾ ਨੁਕਸਾਨੇ ਜਾਣ ਕਾਰਨ ਲੋਕਾਂ ਲਈ ਸਰਦ ਰੁੱਤ ਵਿੱਚ ਠੰਢ ਸਹਿਣ ਕਰਨਾ ਮੁਸ਼ਕਲ ਹੋ ਜਾਵੇਗਾ।
ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰਸ਼ਚੁਕ ਨੇ ਕਿਹਾ ਕਿ ਇਨ੍ਹਾਂ ਦੋਵਾਂ ਇਲਾਕਿਆਂ ਦੇ ਲੋਕਾਂ ਨੂੰ ਦੇਸ਼ ਦੇ ਕੇਂਦਰੀ ਅਤੇ ਪੱਛਮੀ ਹਿੱਸਿਆਂ ਵਿੱਚ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਰੂਸੀ ਫ਼ੌਜਾਂ ਨੇ ਬੀਤੇ ਮਹੀਨਿਆਂ ਦੌਰਾਨ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਲਗਾਤਾਰ ਗੋਲਾਬਾਰੀ ਕੀਤੀ ਸੀ।
ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਨ੍ਹਾਂ ਲੋਕਾਂ ਦੀ ਆਵਾਜਾਈ, ਰਿਹਾਇਸ਼ ਅਤੇ ਮੈਡੀਕਲ ਦਾ ਪ੍ਰਬੰਧ ਕਰੇਗੀ। ਯੂਕਰੇਨ ਨੇ ਖੇਰਸੋਨ ਸ਼ਹਿਰ ਅਤੇ ਨੇੜੇ-ਤੇੜੇ ਦੇ ਇਲਾਕਿਆਂ ਨੂੰ ਕਬਜ਼ੇ ਵਿੱਚ ਲੈਣ ਤੋਂ ਲਗਪਗ ਇੱਕ ਹਫ਼ਤੇ ਬਾਅਦ ਲੋਕਾਂ ਨੂੰ ਉੱਥੋਂ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਜ਼ਿਕਰਯੋਗ ਹੈ ਕਿ ਰੂਸ ਨੇ ਯੂਕਰੇਨ ਦੇ ਬਿਜਲੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਕਾਰਨ ਦੇਸ਼ ਸਰਦ ਰੁੱਤ ਦੇ ਮੱਦੇਨਜ਼ਰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਧਰ, ਰੂਸ ਵੱਲੋਂ ਖੇਰਸੋਨ ਖੇਤਰ ਵਿੱਚ ਤਾਇਨਾਤ ਅਧਿਕਾਰੀਆਂ ਨੇ ਅੱਜ ਲੋਕਾਂ ਨੂੰ ਨਾਈਪਰ ਨਹਿਰ ਦੇ ਪੂਰਬੀ ਕੰਢੇ ਦੇ ਇੱਕ ਖੇਤਰ ਨੂੰ ਖ਼ਾਲੀ ਕਰਨ ਦੀ ਮੁੜ ਅਪੀਲ ਕੀਤੀ ਹੈ। ਇਹ ਇਲਾਕਾ ਮਾਸਕੋ ਦੇ ਕਬਜ਼ੇ ਹੇਠ ਹੈ। ਰੂਸ ਵੱਲੋਂ ਨਾਈਪਰ ਨਹਿਰ ਦੇ ਕੰਢੇ ‘ਤੇ ਸੁਰੱਖਿਆ ਟੁਕੜੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਉਸ ਨੂੰ ਇਸ ਗੱਲ ਦਾ ਡਰ ਹੈ ਕਿ ਯੂਕਰੇਨੀ ਫੌਜਾਂ ਇਸ ਖੇਤਰ ਵਿੱਚ ਹੋਰ ਅੰਦਰ ਤੱਕ ਆ ਸਕਦੀਆਂ ਹਨ। -ਏਪੀ