ਪੱਤਰ ਪ੍ਰੇਰਕ
ਪਟਿਆਲਾ, 23 ਨਵੰਬਰ
ਪਟਿਆਲਾ ਦੀ ਖਿਡਾਰਨ ਮੰਨਤ ਕਸ਼ਅਪ ਦੀ ਚੋਣ ਕ੍ਰਿਕਟ ਵਿਸ਼ਵ ਕੱਪ ਅੰਡਰ-19 ਲਈ ਭਾਰਤੀ ਟੀਮ ਵਿੱਚ ਹੋਈ ਹੈ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੰਨਤ ਦੇ ਘਰ ਜਾ ਕੇ ਉਸ ਨੂੰ ਵਧਾਈ ਦਿੱਤੀ।
ਜਾਣਕਾਰੀ ਅਨੁਸਾਰ ਮੰਨਤ ਪਹਿਲਾਂ ਨਿਊਜ਼ੀਲੈਂਡ ਨਾਲ ਹੋਣ ਵਾਲੀ ਘਰੇਲੂ ਲੜੀ ਤੇ ਮਗਰੋਂ ਅਗਲੇ ਸਾਲ ਜਨਵਰੀ ਮਹੀਨੇ ਸ਼ੁਰੂ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਦਾ ਹਿੱਸਾ ਹੋਵੇਗੀ। ਸਾਕਸ਼ੀ ਸਿਨਹਾ ਨੇ ਕਿਹਾ ਕਿ ਉਹ ਪਟਿਆਲਾ ਜ਼ਿਲ੍ਹੇ ਲਈ ‘ਬੇਟੀ ਬਚਾਓ ਅਤੇ ਬੇਟੀ ਪੜ੍ਹਾਓ’ ਮੁਹਿੰਮ ਦੀ ਰੋਲ ਮਾਡਲ ਵੀ ਬਣ ਗਈ ਹੈ। ਇਸ ਮੌਕੇ ਮੰਨਤ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ, ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਡੀਸੀ ਸਾਕਸ਼ੀ ਸਾਹਨੀ ਵੱਲੋਂ ਦਿੱਤੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ ਕੀਤਾ। ਮੰਨਤ ਦੇ ਪਿਤਾ ਸੰਜੀਵ ਕਸ਼ਅਪ, ਕੋਚ ਜੂਹੀ ਜੈਨ ਤੇ ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜ਼ਦਾਨ ਵੀ ਮੌਜੂਦ ਸਨ। ਆਫ-ਸਪਿਨਰ ਮੰਨਤ ਕਸ਼ਅਪ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਕ੍ਰਿਕਟ ਦੀ ਸਿਖਲਾਈ ਲੈ ਰਹੀ ਹੈ। ਨੌਂ ਸਾਲਾਂ ਦੀ ਉਮਰ ਵਿੱਚ ਉਸ ਦੇ ਪਿਤਾ ਨੇ ਉਸ ਨੂੰ ਕ੍ਰਿਕਟ ਖੇਡਣ ਲਾਇਆ ਸੀ, ਪਰ ਕੁੜੀਆਂ ਨੂੰ ਕ੍ਰਿਕਟ ਦੀ ਸਿਖਲਾਈ ਦੇਣ ਵਾਲਾ ਕੋਈ ਨਾ ਮਿਲਣ ਕਾਰਨ ਉਸ ਨੇ ਬਹੁਤਾ ਸਮਾਂ ਲੜਕਿਆਂ ਨਾਲ ਖੇਡ ਕੇ ਹੀ ਕ੍ਰਿਕਟ ਦੀ ਸਿਖਲਾਈ ਲਈ ਹੈ। ਜ਼ਿਕਰਯੋਗ ਹੈ ਕਿ ਮੰਨਤ ਦੀ ਭੈਣ ਨੁੂਪੁਰ ਵੀ ਪੰਜਾਬ ਵੱਲੋਂ ਕ੍ਰਿਕਟ ਖੇਡ ਚੁੱਕੀ ਹੈ, ਜਿਸ ਤੋਂ ਪ੍ਰੇਰਣਾ ਲੈ ਕੇ ਮੰਨਤ ਨੇ ਭਾਰਤ ਵੱਲੋਂ ਖੇਡਣ ਲਈ ਮਿਹਨਤ ਕੀਤੀ।