ਮੁੰਬਈ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਤੇ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਪਰ ਇਸ ਫ਼ਿਲਮ ਦਾ ਅਜੇ ਨਾਮ ਨਹੀਂ ਰੱਖਿਆ ਗਿਆ। ਅਦਾਕਾਰਾ ਰਕੁਲ ਪ੍ਰੀਤ ਨੇ ਸੋਸ਼ਲ ਮੀਡੀਆ ‘ਤੇ ਅਰਜੁਨ ਕਪੂਰ ਨਾਲ ਸੈਲਫੀ ਸਾਂਝੀ ਕਰਦਿਆਂ ਆਖਿਆ,”ਭੂਮੀ ਪੇਡਨੇਕਰ ਤੁਹਾਡੀ ਬਹੁਤ ਯਾਦ ਆ ਰਹੀ ਹੈ। ਚਲੋ ਮਜ਼ੇਦਾਰ ਫ਼ਿਲਮ ਬਣਾਉਂਦੇ ਹਾਂ।” ਇਸ ਦੇ ਜਵਾਬ ਵਿੱਚ ਭੂਮੀ ਨੇ ਆਖਿਆ,”ਤੁਸੀਂ ਹਾਲੇ ਪੰਜ ਦਿਨ ਹੋਰ ਮੈਨੂੰ ਮਿਲ ਨਹੀਂ ਸਕੋਗੇ।” ਦੂਜੇ ਪਾਸੇ ਅਰਜੁਨ ਕਪੂਰ ਨੇ ਤਸਵੀਰ ਸਾਂਝੀ ਕਰਦਿਆਂ ਆਖਿਆ,”ਭੂਮੀ ਪੇਡਨੇਕਰ ਨੂੰ ਪੰਜਵੇਂ ਦਿਨ ਮਿਲਾਂਗੇ ਅਤੇ ਮੈਂ ਖੁਦ ਨੂੰ ਜਵਾਨ ਮਹਿਸੂਸ ਕਰ ਰਿਹਾ ਹਾਂ।” ਮੀਡੀਆ ਰਿਪੋਰਟਾਂ ਅਨੁਸਾਰ ਅਰਜੁਨ ਕਪੂਰ, ਰਕੁਲ ਪ੍ਰੀਤ ਸਿੰਘ ਤੇ ਭੂਮੀ ਪੇਡਨੇਕਰ ਇੱਕ ਕਾਮੇਡੀ ਵਿਚ ਇਕੱਠੇ ਕੰਮ ਕਰਨ ਜਾ ਰਹੇ ਹਨ ਅਤੇ ਇਸ ਫ਼ਿਲਮ ਦਾ ਨਿਰਦੇਸ਼ਕ ਮੁਦੱਸਰ ਅਜ਼ੀਜ਼ ਹੈ। ਫ਼ਿਲਮ ਦੀ ਸ਼ੂਟਿੰਗ ਲਈ ਮੁਦੱਸਰ, ਅਰਜੁਨ ਤੇ ਰਕੁਲ ਪ੍ਰੀਤ ਲੰਡਨ ਪੁੱਜ ਚੁੱਕੇ ਹਨ। ਹਾਲਾਂਕਿ ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਅਧਿਕਾਰਤ ਐਲਾਨ ਕਰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। -ਏਐੱਨਆਈ