ਅਲ ਖੋਰ, 23 ਨਵੰਬਰ
ਫੀਫਾ ਵਿਸ਼ਵ ਕੱਪ ਵਿੱਚ ਅਰਬ ਦੇਸ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੋਰੱਕੋ ਨੇ 2018 ਦੇ ਉਪ ਜੇਤੂ ਕ੍ਰੋਏਸ਼ੀਆ ਨੂੰ ਅੱਜ ਇੱਥੇ ਗਰੁੱਪ-ਐੱਫ ਦੇ ਮੈਚ ਵਿੱਚ ਗੋਲ ਰਹਿਤ ਡਰਾਅ ‘ਤੇ ਰੋਕਿਆ। ਮੋਰੱਕੋ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਲਗਪਗ 24 ਘੰਟੇ ਪਹਿਲਾਂ ਸਾਊਦੀ ਅਰਬ ਨੇ ਲਿਓਨਲ ਮੈਸੀ ਦੀ ਟੀਮ ਅਰਜਨਟੀਨਾ ਨੂੰ ਹਰਾ ਕੇ ਵਿਸ਼ਵ ਕੱਪ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ ਸੀ। ਇਸ ਤੋਂ ਬਾਅਦ ਇਕ ਹੋਰ ਅਰਬ ਦੇਸ਼ ਟਿਊਨੀਸ਼ੀਆ ਨੇ ਯੂਰਪੀਅਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਡੈਨਮਾਰਕ ਦੀ ਟੀਮ ਨੂੰ ਬਰਾਬਰੀ ‘ਤੇ ਰੋਕਣ ‘ਚ ਸਫ਼ਲਤਾ ਹਾਸਲ ਕੀਤੀ ਸੀ।
ਮੋਰੱਕੋ ਦੇ ਖਿਡਾਰੀ ਪਿਛਲੇ ਵਿਸ਼ਵ ਕੱਪ ਦੇ ਸਰਬੋਤਮ ਖਿਡਾਰੀ ਬਣੇ ਕ੍ਰੋਏਸ਼ੀਆ ਦੇ ਕਪਤਾਨ ਲੂਕਾ ਮੋਡ੍ਰਿਚ ਨੂੰ ਰੋਕਣ ਵਿੱਚ ਕਾਮਯਾਬ ਰਹੇ। ਮੋਡ੍ਰਿਚ ਅੱਜ ਵੀ ਮੈਚ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਪਰ ਇਸ ਦਾ ਐਲਾਨ ਹੁੰਦੇ ਹੀ ਮੋਰੱਕੋ ਦੇ ਪ੍ਰਸ਼ੰਸਕਾਂ ਨੇ ਰੌਲਾ ਪਾ ਕੇ ਇਸ ਦਾ ਵਿਰੋਧ ਕੀਤਾ। ਮੈਚ ਵਿੱਚ ਮੋਰੱਕੋ ਨੇ ਵੀ ਕੁਝ ਸ਼ਾਨਦਾਰ ਮੌਕੇ ਪੈਦਾ ਕੀਤੇ। ਅਸ਼ਰਫ ਹਕੀਮੀ ਦੀ ਗੇਂਦ ‘ਤੇ ਸ਼ਾਨਦਾਰ ਸਟ੍ਰਾਈਕ ਨੂੰ ਕ੍ਰੋਏਸ਼ੀਆ ਦੇ ਗੋਲਕੀਪਰ ਡੋਮੀਨਿਕ ਲਿਵਕੋਵਿਚ ਨੇ ਨਾਕਾਮ ਕਰ ਦਿੱਤਾ। ਰਿਆਲ ਮੈਡਰਿਡ ਦਾ 37 ਸਾਲਾ ਮੋਡ੍ਰਿਚ ਆਪਣਾ ਚੌਥਾ ਤੇ ਆਖਰੀ ਵਿਸ਼ਵ ਕੱਪ ਖੇਡ ਰਿਹਾ ਹੈ। ਉਸ ਨੇ ਪਹਿਲੇ ਹਾਫ ਵਿੱਚ ਸਟਾਪੇਜ ਟਾਈਮ ‘ਚ ਗੋਲ ਕਰਨ ਦਾ ਵਧੀਆ ਮੌਕਾ ਬਣਾਇਆ ਪਰ ਗੇਂਦ ਗੋਲ ਪੋਸਟ ‘ਤੇ ਲੱਗ ਕੇ ਦੂਰ ਚਲੀ ਗਈ। ਦੋਜਨ ਲੋਵਰਾਨ ਨੇ ਵੀ ਕ੍ਰੋਏਸ਼ੀਆ ਨੂੰ ਲੀਡ ਲੈਣ ਦਾ ਮੌਕਾ ਦਿੱਤਾ। -ਪੀਟੀਆਈ