ਨਵੀਂ ਦਿੱਲੀ, 23 ਨਵੰਬਰ
ਮੁਸਕਾਨ ਅਤੇ ਤਮੰਨਾ ਸਮੇਤ ਭਾਰਤ ਦੇ ਚਾਰ ਹੋਰ ਮੁੱਕੇਬਾਜ਼ਾਂ ਨੇ ਸਪੇਨ ਦੇ ਲਾ ਨੂਸਿਆ ਵਿੱਚ ਚੱਲ ਰਹੀ ਯੁਵਾ ਮਹਿਲਾ ਤੇ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਤਗਮਾ ਪੱਕਾ ਕਰਨ ਵਾਲੇ ਹੋਰ ਮੁੱਕੇਬਾਜ਼ਾਂ ਵਿੱਚ ਯੁਵਾ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਚਾਂਦੀ ਦੀ ਤਗਮਾ ਜੇਤੂ ਕ੍ਰਿਤੀ (+81 ਕਿਲੋ) ਅਤੇ ਦੇਵਿਕਾ ਘੋਰਪੜੇ (52 ਕਿਲੋ) ਸ਼ਾਮਲ ਹਨ। ਇਨ੍ਹਾਂ ਚਾਰ ਹੋਰ ਤਗਮਿਆਂ ਨਾਲ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 11 ਹੋ ਗਈ ਹੈ। ਪੋਲੈਂਡ ਵਿੱਚ ਪਿਛਲੀ ਯੁਵਾ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਨੇ 11 ਤਗਮੇ ਹੀ ਜਿੱਤੇ ਸਨ। ਤਮੰਨਾ ਨੇ 50 ਕਿਲੋ ਵਰਗ ਦੇ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਜੂਨੀ ਟੋਨੇਗਾਵਾ ਨੂੰ ਹਰਾਇਆ ਜਦਕਿ ਦੇਵਿਕਾ ਨੇ ਜਰਮਨੀ ਦੀ ਆਸਿਆ ਆਰੀ ਨੂੰ ਮਾਤ ਦਿੱਤੀ। ਇਸੇ ਤਰ੍ਹਾਂ ਮੁਸਕਾਨ ਨੇ 75 ਕਿਲੋ ਵਰਗ ਵਿੱਚ ਮੰਗੋਲੀਆ ਦੀ ਜ਼ੇਇਨਯੇਪ ਅਜ਼ੀਮਬਾਈ ਅਤੇ ਦੇਵਿਕਾ ਨੇ ਰੋਮਾਨੀਆ ਦੀ ਲਿਵੀਆ ਬੋਟਿਕਾ ਨੂੰ ਹਰਾਇਆ। ਉਧਰ ਪ੍ਰੀਤੀ ਦਹੀਆ (57 ਕਿਲੋ), ਰਿਧਮ (+92) ਅਤੇ ਜਾਦੂਮਣੀ ਸਿੰਘ (51 ਕਿਲੋ) ਆਪੋ-ਆਪਣੇ ਕੁਆਰਟਰ ਫਾਈਨਲ ਮੁਕਾਬਲੇ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਭਾਰਤ ਲਈ ਅੱਠ ਮਹਿਲਾ ਮੁੱਕੇਬਾਜ਼ ਮੁਸਕਾਨ, ਤਮੰਨਾ, ਦੇਵਿਕਾ, ਕ੍ਰਿਤੀ, ਕੁੰਜਰਾਣੀ ਦੇਵੀ ਥੋਂਗਮ (60 ਕਿਲੋ), ਭਾਵਨਾ ਸ਼ਰਮਾ (48 ਕਿਲੋ), ਰਵੀਨਾ (63 ਕਿਲੋ) ਅਤੇ ਲਸ਼ੂ ਯਾਦਵ (70 ਕਿਲੋ) ਬੁੱਧਵਾਰ ਰਾਤ ਨੂੰ ਸੈਮੀਫਾਈਨਲ ‘ਚ ਚੁਣੌਤੀ ਪੇਸ਼ ਕਰਨਗੀਆਂ। ਇਸੇ ਤਰ੍ਹਾਂ ਵੰਸ਼ਜ (63.5 ਕਿਲੋ), ਵਿਸ਼ਵਨਾਥ ਸੁਰੇਸ਼ (48 ਕਿਲੋ) ਅਤੇ ਆਸ਼ੀਸ਼ (54 ਕਿਲੋ) ਪੁਰਸ਼ਾਂ ਦੇ ਸੈਮੀਫਾਈਨਲ ‘ਚ ਭਾਰਤ ਦੀ ਅਗਵਾਈ ਕਰਨਗੇ। ਫਾਈਨਲ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਹੋਵੇਗਾ। -ਪੀਟੀਆਈ