ਦੋਹਾ, 25 ਨਵੰਬਰ
ਇਕੁਆਡੋਰ ਵੱਲੋਂ ਨੈਦਰਲੈਂਡਜ਼ ਨੂੰ ਅੱਜ ਇੱਥੇ ਗਰੁੱਪ ‘ਏ’ ਦੇ ਮੈਚ ਵਿੱਚ 1-1 ਦੀ ਬਰਾਬਰੀ ‘ਤੇ ਰੋਕੇ ਜਾਣ ਕਾਰਨ ਮੇਜ਼ਬਾਨ ਕਤਰ ਫੀਫਾ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਿਆ। ਇਸ ਤੋਂ ਪਹਿਲਾਂ ਸੈਨੇਗਲ ਨੇ ਕਤਰ ਨੂੰ 3-1 ਨਾਲ ਹਰਾਇਆ। ਪਿਛਲੇ ਮੈਚ ਵਿੱਚ ਇਕੁਆਡੋਰ ਨੇ ਮੇਜ਼ਬਾਨ ਨੂੰ 2-0 ਨਾਲ ਹਰਾਇਆ ਸੀ। ਕਤਰ ਫੀਫਾ ਵਿਸ਼ਵ ਕੱਪ ਵਿੱਚ ਬਾਹਰ ਹੋਣ ਵਾਲੀ ਪਹਿਲੀ ਟੀਮ ਹੈ। ਪਿਛਲੇ 12 ਸਾਲਾਂ ਤੋਂ ਵਿਸ਼ਵ ਕੱਪ ਦੀ ਤਿਆਰੀ ਕਰ ਰਹੀ ਕਤਰ ਦੀ ਟੀਮ ਟੂਰਨਾਮੈਂਟ ਵਿੱਚ ਇੱਕ ਹਫ਼ਤਾ ਵੀ ਟਿਕ ਨਹੀਂ ਸਕੀ। ਇਸ ਦੇ ਨਾਲ ਹੀ ਕਤਰ ਵਿਸ਼ਵ ਕੱਪ ਦੇ 92 ਸਾਲਾ ਇਤਿਹਾਸ ਵਿੱਚ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਮੇਜ਼ਬਾਨ ਟੀਮ ਬਣ ਗਈ।
ਮੈਚ ਦੌਰਾਨ ਸੈਨੇਗਲ ਦੇ ਸਟ੍ਰਾਈਕਰ ਬੁਲਾਏ ਡੀਆ ਨੇ ਕਤਰ ਦੇ ਡਿਫੈਂਡਰ ਬੁਆਲੇਮ ਖਾਊਖੀ ਦੀ ਗਲਤੀ ਦਾ ਫਾਇਦਾ ਉਠਾ ਕੇ ਪਹਿਲਾ ਗੋਲ ਕੀਤਾ। ਫਮਾਰਾ ਡੀ ਨੇ ਦੂਜੇ ਹਾਫ ਦੀ ਸ਼ੁਰੂਆਤ ਵਿੱਚ ਟੀਮ ਦੀ ਲੀਡ ਦੁੱਗਣੀ ਕਰ ਦਿੱਤੀ। ਕਤਰ ਲਈ ਬਦਲਵੇਂ ਖਿਡਾਰੀ (ਸਬਸਟੀਚਿਊਟ) ਮੁਹੰਮਦ ਮੁੰਤਾਰੀ ਨੇ ਗੋਲ ਕੀਤਾ ਪਰ ਛੇ ਮਿੰਟ ਬਾਅਦ ਹੀ ਬਾਂਬਾ ਡਿਏਂਗ ਨੇ ਇੱਕ ਹੋਰ ਗੋਲ ਕਰ ਕੇ ਸੈਨੇਗਲ ਨੂੰ 3-1 ਨਾਲ ਲੀਡ ਦਿਵਾਈ। ਕਤਰ ਆਪਣੇ ਦੋਵੇਂ ਮੈਚ ਹਾਰ ਚੁੱਕਾ ਹੈ ਅਤੇ ਗਰੁੱਪ-ਏ ਦੇ ਹੋਰ ਮੈਚਾਂ ਵਿੱਚ ਜੇ ਨੈਦਰਲੈਂਡਜ਼, ਇਕੁਆਡੋਰ ਨਾਲ ਡਰਾਅ ਖੇਡਦਾ ਹੈ ਤਾਂ ਮੇਜ਼ਬਾਨ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ। -ਏਪੀ