ਤਿਰੂਵਨੰਤਪੁਰਮ, 7 ਦਸੰਬਰ
ਕੁਝ ਦਹਾਕਿਆਂ ‘ਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕੀ ਲੂ ਭਾਰਤ ‘ਚ ਚਿੰਤਾਜਨਕ ਢੰਗ ਨਾਲ ਵਧ ਰਹੀ ਹੈ ਅਤੇ ਭਾਰਤ ਜਲਦ ਹੀ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ, ਜਿਥੇ ਅਜਿਹੀਆਂ ਤੱਤੀਆਂ ਹਵਾਵਾਂ ਇਨਸਾਨ ਦੀ ਬਰਦਾਸ਼ਤ ਤੋਂ ਬਹਾਰ ਹੋਣਗੀਆਂ। ਇਹ ਚੇਤਾਵਨੀ ਨਵੀਂ ਰਿਪੋਰਟ ਵਿੱਚ ਦਿੱਤੀ ਗਈ ਹੈ। ਵਿਸ਼ਵ ਬੈਂਕ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੇਸ਼ ‘ਚ ਗਰਮੀਆਂ ਦਾ ਮੌਸਮ ਲੰਮਾ ਚੱਲ ਰਿਹਾ ਹੈ। ਇਹ ਮੌਸਮ ਛੇਤੀ ਸ਼ੁਰੂ ਹੁੰਦਾ ਹੈ ਤੇ ਦੇਰ ਤੱਕ ਚੱਲਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, ‘ਅਪਰੈਲ 2022 ਵਿੱਚ, ਭਾਰਤ ਵਿੱਚ ਸਮੇਂ ਤੋਂ ਪਹਿਲਾਂ ਲੂ ਦੀ ਲਪੇਟ ਵਿੱਚ ਆ ਗਿਆ, ਜਿਸ ਨਾਲ ਆਮ ਜੀਵਨ ਠੱਪ ਹੋ ਗਿਆ ਅਤੇ ਰਾਜਧਾਨੀ ਨਵੀਂ ਦਿੱਲੀ ਵਿੱਚ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮਾਰਚ ਦੇ ਮਹੀਨੇ ਵਿੱਚ ਤਾਪਮਾਨ ਵਿੱਚ ਰਿਕਾਰਡ ਵਾਧਾ ਹੋਇਆ ਅਤੇ ਇਹ ਇਤਿਹਾਸ ਵਿੱਚ ਸਭ ਤੋਂ ਗਰਮ ਮਾਰਚ ਮਹੀਨੇ ਵਜੋਂ ਉਭਰਿਆ। ਰਿਪੋਰਟ ਦੇ ਅਨੁਸਾਰ, ‘ਜੀ 20 ਕਲਾਈਮੇਟ ਰਿਸਕ ਐਟਲਸ ਨੇ 2021 ਵਿੱਚ ਵੀ ਚੇਤਾਵਨੀ ਦਿੱਤੀ ਸੀ ਕਿ ਜੇ ਕਾਰਬਨ ਨਿਕਾਸ ਉੱਚਾ ਰਹਿੰਦਾ ਹੈ ਤਾਂ 2036 ਅਤੇ 2065 ਦੇ ਵਿਚਕਾਰ ਭਾਰਤ ਵਿੱਚ ਲੂ 25 ਗੁਣਾ ਵੱਧ ਰਹਿਣ ਦੀ ਉਮੀਦ ਹੈ।