ਮੁੰਬਈ: ਫਿਲਮ ‘ਦਿ ਗ੍ਰੇਅ ਮੈਨ’ ਨੇ ਅਦਾਕਾਰ ਧਨੁਸ਼ ਨੂੰ ਕੌਮਾਂਤਰੀ ਪੱਧਰ ‘ਤੇ ਪਛਾਣ ਦਿਵਾਈ ਹੈ, ਜਿਸ ਮਗਰੋਂ ਅਦਾਕਾਰ ਆਈਐੱਮਡੀਬੀ ਦੀ ਸਾਲ 2022 ਦੇ ਦਸ ਸਭ ਤੋਂ ਵੱਧ ਮਸ਼ਹੂਰ ਭਾਰਤੀ ਸਿਤਾਰਿਆਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਸਾਲ ਧਨੁਸ਼ ਦੀਆਂ ਪੰਜ ਫਿਲਮਾਂ, ‘ਦਿ ਗ੍ਰੇਅ ਮੈਨ’, ‘ਮਾਰਾਨ’, ‘ਨਾਨੇ ਵੀਰੂਵੀਨ’, ‘ਤੀਰੂਚਿਤਰਮ ਬਾਲਮ’ ਅਤੇ ‘ਵਾਤੀ’ ਰਿਲੀਜ਼ ਹੋਈਆਂ ਹਨ। ਇਸ ਸੂਚੀ ਵਿੱਚ ਦੂਜੇ ਸਥਾਨ ‘ਤੇ ‘ਬ੍ਰਹਮਾਸਤਰ’ ਦੀ ਅਦਾਕਾਰਾ ਆਲੀਆ ਭੱਟ ਦਾ ਨਾਂ ਹੈ, ਜੋ ਹਾਲ ਹੀ ਵਿੱਚ ਪੈਨ-ਇੰਡੀਆ ਦੀ ਪੇਸ਼ਕਸ਼ ‘ਆਰਆਰਆਰ’ ਅਤੇ ‘ਗੰਗੂਬਾਈ ਕਾਠੀਆਵਾੜੀ’ ਵਿੱਚ ਵੀ ਨਜ਼ਰ ਆਈ ਸੀ। ਇਸ ਸਾਲ ਅਦਾਕਾਰਾ ਨੇ ‘ਡਾਰਲਿੰਗਜ਼’ ਰਾਹੀਂ ਫਿਲਮ ਨਿਰਮਾਣ ਦੀ ਵੀ ਸ਼ੁਰੂਆਤ ਕੀਤੀ ਹੈ। ਅਦਾਕਾਰਾ ਨੇ ਕਿਹਾ, ‘ਸਾਲ 2022 ਹੁਣ ਤੱਕ ਮੇਰੇ ਲਈ ਸਭ ਤੋਂ ਯਾਦਗਾਰ ਰਿਹਾ ਹੈ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਬਹੁਤ ਹੀ ਬਿਹਤਰੀਨ ਲੋਕਾਂ ਨਾਲ ਚੰਗੀਆਂ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਦਰਸ਼ਕਾਂ ਨੇ ਮੇਰੇ ਕੰਮ ਨੂੰ ਪਸੰਦ ਕੀਤਾ ਤੇ ਮੈਨੂੰ ਬੇਹੱਦ ਪਿਆਰ ਦਿੱਤਾ। ਮੈਨੂੰ ਦੇਸ਼ ਦੇ ਸਭ ਤੋਂ ਚੰਗੇ ਫਿਲਮ ਨਿਰਮਾਤਾਵਾਂ ਨਾਲ ਕੰਮ ਕਰਨ ਦਾ ਮਾਣ ਹਾਸਲ ਹੋਇਆ।’ ਇਸ ਸੂਚੀ ਵਿੱਚ ਤੀਜਾ ਸਥਾਨ ਪੰਜ ਸਾਲਾਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰਨ ਵਾਲੀ ਅਦਾਕਾਰਾ ਐਸ਼ਵਰਿਆ ਰਾਏ ਦਾ ਹੈ। ਇਸ ਤੋਂ ਇਲਾਵਾ ਚੌਥਾ ਸਥਾਨ ਰਾਮ ਚਰਨ ਤੇਜਾ, ਪੰਜਵਾ ਸਮਾਂਥਾ ਰੂਥ ਪ੍ਰਭੂ, ਛੇਵਾਂ ਰਿਤਿਕ ਰੌਸ਼ਨ, ਸੱਤਵਾਂ ਕਿਆਰਾ ਆਡਵਾਨੀ, ਅੱਠਵਾਂ ਸਥਾਨ ਐੱਨਟੀ ਰਾਮਾ ਰਾਓ ਜੂਨੀਅਰ, ਨੌਵਾਂ ਅੱਲੂ ਅਰਜੁਨ ਤੇ ਦਸਵਾਂ ਸਥਾਨ ਕੇਜੀਐੱਫ ਦੇ ਅਦਾਕਾਰ ਯਸ਼ ਨੇ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸੂਚੀ ਵਿੱਚ ਉਨ੍ਹਾਂ ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ 2022 ਦੌਰਾਨ ਆਈਐੱਮਡੀਬੀ ਦੀ ਹਫ਼ਤਾਵਾਰ ਰੈਂਕਿੰਗ ਦੌਰਾਨ ਸਭ ਤੋਂ ਉੱਤੇ ਰਹਿਣ ਵਿੱਚ ਸਫ਼ਲ ਰਹੇ ਹਨ। -ਆਈਏਐੱਨਐੱਸ