ਮੈਲਬਰਨ, 26 ਦਸੰਬਰ
ਕੈਮਰਨ ਗ੍ਰੀਨ ਦੀਆਂ ਪੰਜ ਵਿਕਟਾਂ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਦੂਜੇ ਟੈਸਟ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਨੂੰ ਆਪਣੀ ਪਹਿਲੀ ਪਾਰੀ ਵਿੱਚ 189 ਦੌੜਾਂ ‘ਤੇ ਸਮੇਟ ਦਿੱਤਾ। ਤੇਜ਼ ਗੇਂਦਬਾਜ਼ ਗ੍ਰੀਨ ਨੇ 27 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਟੈਸਟ ਕਰੀਅਰ ਵਿੱਚ ਇਹ ਉਸ ਦਾ ਸਰਬੋਤਮ ਪ੍ਰਦਰਸ਼ਨ ਹੈ। ਦੱਖਣੀ ਅਫਰੀਕਾ ਨੇ ਆਪਣੀਆਂ ਆਖਰੀ ਪੰਜ ਵਿਕਟਾਂ 10 ਦੌੜਾਂ ਦੇ ਅੰਦਰ ਗੁਆਈਆਂ। ਆਸਟਰੇਲੀਆ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਇਕ ਵਿਕਟ ਦੇ ਨੁਕਸਾਨ ‘ਤੇ 45 ਦੌੜਾਂ ਬਣਾ ਲਈਆਂ ਹਨ। ਕੈਗਿਸੋ ਰਬਾਡਾ ਨੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ (ਇਕ) ਦੀ ਵਿਕਟ ਲਈ। ਆਸਟਰੇਲੀਆ ਫਿਲਹਾਲ ਦੱਖਣੀ ਅਫਰੀਕਾ ਤੋਂ 144 ਦੌੜਾਂ ਪਿੱਛੇ ਹੈ। ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਲਈ ਭੇਜੀ ਗਈ ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਇੱਕ ਵੇਲੇ ਉਸ ਦਾ ਸਕੋਰ ਪੰਜ ਵਿਕਟਾਂ ਦੇ ਨੁਕਸਾਨ ‘ਤੇ 67 ਦੌੜਾਂ ਸੀ। ਇਸ ਮਗਰੋਂ ਕਾਇਲ ਵੈਰੀਨੇ (52) ਅਤੇ ਮਾਰਕੋ ਜੈਨਸਨ (59) ਨੇ ਛੇਵੀਂ ਵਿਕਟ ਲਈ 112 ਦੌੜਾਂ ਜੋੜੀਆਂ। ਗ੍ਰੀਨ (5) ਤੋਂ ਇਲਾਵਾ ਮਿਚੇਲ ਸਟਾਰਕ ਨੇ ਦੋ, ਸਕੌਟ ਬੋਲੈਂਡ ਅਤੇ ਨੈਥਨ ਲਿਓਨ ਨੇ ਇੱਕ-ਇੱਕ ਵਿਕਟਾਂ ਲਈਆਂ। ਡਬਲਿਊਟੀਸੀ ਦੀ ਅੰਕ ਸੂਚੀ ਵਿੱਚ ਆਸਟਰੇਲੀਆ ਪਹਿਲੇ ਸਥਾਨ ‘ਤੇ ਕਾਬਜ਼ ਹੈ ਜਦਕਿ ਦੱਖਣੀ ਅਫਰੀਕਾ, ਭਾਰਤ ਤੋਂ ਬਾਅਦ ਤੀਜੇ ਸਥਾਨ ‘ਤੇ ਹੈ। -ਏਪੀ
ਆਸਟਰੇਲੀਆ ਨੇ ਸ਼ੇਨ ਵਾਰਨ ਨੂੰ ਸਮਰਪਿਤ ਕੀਤਾ ਸਰਬੋਤਮ ਟੈਸਟ ਕ੍ਰਿਕਟਰ ਦਾ ਐਵਾਰਡ
ਮੈਲਬਰਨ: ਆਸਟਰੇਲੀਆ ਵਿੱਚ ਪੁਰਸ਼ ਕ੍ਰਿਕਟਰਾਂ ਨੂੰ ਮਿਲਣ ਵਾਲੇ ਸਾਲ ਦੇ ਸਰਬੋਤਮ ਟੈਸਟ ਕ੍ਰਿਕਟਰ ਦੇ ਪੁਰਸਕਾਰ ਦਾ ਨਾਮ ਲੈੱਗ ਸਪਿੰਨਰ ਸ਼ੇਨ ਵਾਰਨ ਦੇ ਨਾਮ ‘ਤੇ ਰੱਖਿਆ ਗਿਆ ਹੈ। ਕ੍ਰਿਕਟ ਆਸਟਰੇਲੀਆ (ਸੀਏ) ਦੇ ਸੀਈਓ ਨਿਕ ਹਾਕਲੇ ਅਤੇ ਆਸਟਰੇਲੀਅਨ ਕ੍ਰਿਕਟਰਜ਼ ਐਸੋਸੀਏਸ਼ਨ ਦੇ ਸੀਈਓ ਟੌਡ ਗ੍ਰੀਨਬਰ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਬਾਕਸਿੰਗ ਡੇਅ ਟੈਸਟ ਮੈਚ ਦੌਰਾਨ ਇਹ ਐਲਾਨ ਕੀਤਾ। ਇਸ ਸਾਲ ਦੇ ਸ਼ੁਰੂ ਵਿੱਚ ਥਾਈਲੈਂਡ ਵਿੱਚ ਵਾਰਨ ਦਾ ਦੇਹਾਂਤ ਹੋ ਗਿਆ ਸੀ। ਹਾਕਲੇ ਨੇ ਕਿਹਾ ਕਿ ਆਸਟਰੇਲੀਆ ਦੇ ਸਭ ਤੋਂ ਮਹਾਨ ਖਿਡਾਰੀਆਂ ‘ਚੋਂ ਇੱਕ ਸ਼ੇਨ ਵਾਰਨ ਦੇ ਟੈਸਟ ਕ੍ਰਿਕਟ ਵਿੱਚ ਯੋਗਦਾਨ ਨੂੰ ਯਾਦ ਕਰਨ ਲਈ ਇਹ ਪੁਰਸਕਾਰ ਉਸ ਨੂੰ ਸਮਰਪਿਤ ਕੀਤਾ ਗਿਆ ਹੈ। ਵਾਰਨ ਨੇ 2005 ਵਿੱਚ 40 ਵਿਕਟਾਂ ਲੈ ਕੇ 2006 ਵਿੱਚ ਇਹ ਪੁਰਸਕਾਰ ਹਾਸਲ ਕੀਤਾ ਸੀ। ਆਸਟਰੇਲੀਅਨ ਕ੍ਰਿਕਟ ਪੁਰਸਕਾਰਾਂ ਦਾ ਐਲਾਨ 30 ਜਨਵਰੀ ਨੂੰ ਕੀਤਾ ਜਾਵੇਗਾ। -ਪੀਟੀਆਈ