ਮੁੰਬਈ: 23ਵੇਂ ਕੌਮਾਂਤਰੀ ਭਾਰਤੀ ਫਿਲਮ ਅਕੈਡਮੀ ਅਤੇ ਐਵਾਰਡ (ਆਈਫਾ) ਲਈ ਨਾਮਜ਼ਦ ਕੀਤੀਆਂ ਗਈਆਂ ਫਿਲਮਾਂ ਸਬੰਧੀ ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਫਿਲਮ ‘ਬ੍ਰਹਮਾਸਤਰ ਭਾਗ ਪਹਿਲਾ: ਸ਼ਿਵਾ’, ‘ਭੂਲ ਭੁਲੱਈਆ 2’ ਅਤੇ ‘ਡਾਰਲਿੰਗਜ਼’ ਆਪਣੇ ਵਰਗ ਦੀਆਂ ਫਿਲਮਾਂ ‘ਚ ਸਭ ਤੋਂ ਉੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ‘ਬੈਸਟ ਪਿਕਚਰ’ ਵਰਗ ਵਿੱਚ ‘ਭੂਲ ਭੁਲੱਈਆ 2’, ‘ਡਾਰਲਿੰਗਜ਼’, ‘ਗੰਗੂਬਾਈ ਕਾਠੀਆਵਾੜੀ’ ਤੇ ‘ਵਿਕਰਮ ਵੇਧਾ’ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਨਿਰਦੇਸ਼ਨ ਦੇ ਪੱਖ ਤੋਂ ‘ਭੂਲ ਭੁਲੱਈਆ 2’ ‘ਬ੍ਰਹਮਾਸਤਰ ਭਾਗ ਇੱਕ: ਸ਼ਿਵਾ’, ‘ਡਾਰਲਿੰਗਜ਼’, ‘ਗੰਗੂਬਾਈ ਕਾਠੀਆਵਾੜੀ’, ‘ਮੌਨਿਕਾ: ਓ ਮਾਈ ਡਾਰਲਿੰਗ’ ਅਤੇ ‘ਰੌਕੇਟਰੀ: ਦਿ ਨਾਂਬੀ ਇਫੈਕਟ’ ਨੂੰ ਨਾਮਜ਼ਦਗੀ ਮਿਲੀ ਹੈ। ਸਰਬੋਤਮ ਅਦਾਕਾਰਾ (ਲੀਡਿੰਗ ਰੋਲ) ਲਈ ਯਾਮੀ ਗੌਤਮ (ਏ ਥਰਸਡੇਅ), ਤੱਬੂ (ਭੂਲ ਭੁਲੱਈਆ 2), ਆਲੀਆ ਭੱਟ (ਡਾਰਲਿੰਗਜ਼), ਸ਼ੈਫਾਲੀ ਸ਼ਾਹ (ਡਾਰਲਿੰਗਜ਼) ਅਤੇ ਆਲੀਆ ਭੱਟ (ਗੰਗੂਬਾਈ ਕਾਠਿਆਵਾੜੀ) ਨੂੰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਲੀਡਿੰਗ ਅਦਾਕਾਰ ਦੇ ਕਿਰਦਾਰ ਲਈ ਕਾਰਤਿਕ ਆਰੀਅਨ (ਭੂਲ ਭੁਲੱਈਆ 2), ਅਭਿਸ਼ੇਕ ਬੱਚਨ (ਦਸਵੀ), ਅਜੈ ਦੇਵਗਨ (ਦ੍ਰਿਸ਼ਯਮ 2), ਰਾਜ ਕੁਮਾਰ ਰਾਓ (ਓ ਮਾਈ ਡਾਰਲਿੰਗ), ਅਨੁਪਮ ਖੇਰ (ਦਿ ਕਸ਼ਮੀਰ ਫਾਈਲਜ਼) ਅਤੇ ਰਿਤਿਕ ਰੌਸ਼ਨ (ਵਿਕਰਮ ਵੇਧਾ) ਨਾਮਜ਼ਦ ਹੋਏ ਹਨ। ਇਸ ਤੋਂ ਇਲਾਵਾ ਸਰਬੋਤਮ ਸਹਿ ਕਲਾਕਾਰ-ਮੇਲ ਅਤੇ ਫੀਮੇਲ, ਸਰਬੋਤਮ ਪਲੇਅਬੈਕ ਗਾਇਕ-ਮੇਲ ਅਤੇ ਫੀਮੇਲ, ਸਰਬੋਤਮ ਕਹਾਣੀ (ਅਡੈਪਟਿਡ), ਸਰਬੋਤਮ ਗੀਤ ਦੇ ਬੋਲ ਆਦਿ ਵਰਗਾਂ ਲਈ ਵੀ ਨਾਮਜ਼ਦਗੀਆਂ ਦੀ ਸੂਚੀ ਸਾਂਝੀ ਕੀਤੀ ਗਈ ਹੈ। ਇਨ੍ਹਾਂ ਪੁਰਸਕਾਰਾਂ ਲਈ ਮੰਗਲਵਾਰ ਤੋਂ ਲਾਈਵ ਵੋਟਿੰਗ ਆਰੰਭੀ ਗਈ ਹੈ। । -ਆਈਏਐੱਨਐੱਸ