ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਸੋਨ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੂੰ 14 ਤੋਂ 19 ਫਰਵਰੀ ਤੱਕ ਦੁਬਈ ਵਿੱਚ ਹੋਣ ਵਾਲੇ ਏਸ਼ਿਆਈ ਮਿਕਸ ਟੀਮ ਚੈਂਪੀਅਨਸ਼ਿਪ ਲਈ ਚੋਣ ਟਰਾਇਲ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਬੈਡਮਿੰਟਨ ਫੈਡਰੇਸ਼ਨ ਦੀ ਸੀਨੀਅਰ ਚੋਣ ਕਮੇਟੀ ਦੀ 25 ਦਸੰਬਰ ਨੂੰ ਵਰਚੁਅਲ ਮੀਟਿੰਗ ਹੋਈ ਜਿਸ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਵਾਸਤੇ ਟੀਮ ਦੀ ਚੋਣ ਲਈ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਚੁਣਿਆ ਗਿਆ। ਕਮੇਟੀ ਨੇ ਵਿਸ਼ਵ ਦਰਜਾਬੰਦੀ ਦੇ ਆਧਾਰ ‘ਤੇ ਸਿੰਗਲਜ਼ ਖਿਡਾਰੀ ਲਕਸ਼ੈ ਸੇਨ, ਐੱਚ.ਐੱਸ. ਪ੍ਰਣੌਏ, ਪੀ.ਵੀ. ਸਿੰਧੂ ਜਦਕਿ ਪੁਰਸ਼ ਜੋੜੀ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਸਿੱਧਾ ਦਾਖਲਾ ਦੇਣ ਦਾ ਫ਼ੈਸਲਾ ਕੀਤਾ ਹੈ। ਚੌਦਾਂ ਮੈਂਬਰੀ ਟੀਮ ਦੇ ਬਾਕੀ ਮੈਂਬਰਾਂ ਦੀ ਚੋਣ ਨਵੀਂ ਦਿੱਲੀ ਵਿੱਚ 2 ਅਤੇ 3 ਜਨਵਰੀ ਨੂੰ ਹੋਣ ਵਾਲੇ ਟਰਾਇਲਾਂ ‘ਚ ਕੀਤੀ ਜਾਵੇਗੀ। ਮਹਿਲਾ ਸਿੰਗਲਜ਼ ਵਿੱਚ ਸਾਇਨਾ ਨੇਹਵਾਲ ਤੋਂ ਇਲਾਵਾ ਮਾਲਵਿਕਾ ਬੰਸੋੜ ਅਤੇ ਆਕਰਸ਼ੀ ਕਸ਼ਯਪ ਨੂੰ ਟਰਾਇਲਾਂ ਲਈ ਸੱਦਿਆ ਗਿਆ ਹੈ ਜਦਕਿ ਪੁਰਸ਼ ਡਬਡਜ਼ ਵਿੱਚ ਐੱਮ.ਆਰ. ਅਰਜੁਨ-ਧਰੁਵ ਕਪਿਲਾ, ਕ੍ਰਿਸ਼ਨ ਪ੍ਰਸਾਦ ਗਰਗ-ਵਿਸ਼ਨੂੰ ਵਰਧਨ ਗੌੜ ਪੀ. ਅਤੇ ਇਸ਼ਾਨ ਭਟਨਾਗਰ-ਸਾਈ ਪਾਥੇਕ ਦੇ ਨਾਮ ਸ਼ਾਮਲ ਹਨ। ਮਿਕਸ ਡਬਲਜ਼ ਵਿੱਚ ਇੱਕ ਟੀਮ ਦੀ ਚੋਣ ਕੀਤੀ ਜਾਵੇਗੀ ਜਿਸ ਲਈ ਇਸ਼ਾਨ ਭਟਨਾਗਰ ਅਤੇ ਤਨਿਸ਼ਾ ਕਰੈਸਟੋ, ਵੈਂਕਟ ਗੌਰਵ ਪ੍ਰਸਾਦ ਅਤੇ ਜੂਹੀ ਦੇਵਾਂਗਨ ਤੋਂ ਇਲਾਵਾ ਰੋਹਨ ਕਪੂਰ ਅਤੇ ਸਿੱਕੀ ਰੈੱਡੀ ਨੂੰ ਟਰਾਇਲ ਲਈ ਸੱਦਿਆ ਗਿਆ ਹੈ। -ਪੀਟੀਆਈ