ਨਵੀਂ ਦਿੱਲੀ: ਭਾਰਤ ਦਾ ਸਟਾਰ ਸ਼ਟਲਰ ਐੱਚਐੱਸ ਪ੍ਰਣੌਏ ਅੱਜ ਜਾਰੀ ਬੀਡਬਲਿਊਐੱਫ ਦਰਜਾਬੰਦੀ ਵਿੱਚ ਕਰੀਅਰ ਦੇ ਸਰਬੋਤਮ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। 30 ਸਾਲਾ ਇਹ ਖਿਡਾਰੀ ਇਸ ਸਾਲ ਸ਼ਾਨਦਾਰ ਲੈਅ ਵਿੱਚ ਹੈ। ਇਸ ਤੋਂ ਪਹਿਲਾਂ 2018 ਵਿੱਚ ਵੀ ਉਹ ਅੱਠਵੇਂ ਸਥਾਨ ‘ਤੇ ਪਹੁੰਚਿਆ ਸੀ ਪਰ ਇਸ ਤੋਂ ਬਾਅਦ ਉਹ 2019 ਵਿੱਚ 34ਵੇਂ ਸਥਾਨ ‘ਤੇ ਖਿਸਕ ਗਿਆ। ਇਸ ਸਾਲ ਉਹ ਸੱਤ ਟੂਰਨਾਮੈਂਟਾਂ ਦੇ ਕੁਆਰਟਰ ਫਾਈਨਲ ਅਤੇ ਦੋ ਟੂਰਨਾਮੈਂਟਾਂ ਦੇ ਸੈਮੀਫਾਈਨਲ ਵਿੱਚ ਪਹੁੰਚਿਆ। ਸਵਿਸ ਓਪਨ ਵਿੱਚ ਉਹ ਉਪ ਜੇਤੂ ਰਿਹਾ। ਉਸ ਨੇ ਕੋਈ ਸਿੰਗਲ ਖਿਤਾਬ ਨਹੀਂ ਜਿੱਤਿਆ ਪਰ ਭਾਰਤ ਦੀ ਥੌਮਸ ਕੱਪ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਹੋਰ ਭਾਰਤੀ ਪੁਰਸ਼ ਖਿਡਾਰੀਆਂ ਵਿਚ ਲਕਸ਼ੈ ਸੇਨ ਸੱਤਵੇਂ ਸਥਾਨ ‘ਤੇ ਬਰਕਰਾਰ ਹੈ ਪਰ ਕਿਦਾਂਬੀ ਸ੍ਰੀਕਾਂਤ ਇੱਕ ਸਥਾਨ ਖਿਸਕ ਕੇ 12ਵੇਂ ਸਥਾਨ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਪੀਵੀ ਸਿੰਧੂ ਵੀ ਮਹਿਲਾ ਸਿੰਗਲਜ਼ ਵਿੱਚ ਇਕ ਸਥਾਨ ਖਿਸਕ ਕੇ ਸੱਤਵੇਂ ਸਥਾਨ ‘ਤੇ ਆ ਗਈ ਹੈ। ਪੁਰਸ਼ ਡਬਲਜ਼ ‘ਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸੇਨ ਪੰਜਵੇਂ ਸਥਾਨ ‘ਤੇ ਕਾਇਮ ਹਨ। ਐੱਮਆਰ ਅਰਜੁਨ ਅਤੇ ਧਰੁਵ ਕਪਿਲਾ ਦੀ ਜੋੜੀ ਤਿੰਨ ਸਥਾਨ ਉਪਰ 21ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਮਹਿਲਾ ਡਬਲਜ਼ ‘ਚ ਗਾਇਤਰੀ ਗੋਪੀਚੰਦ ਅਤੇ ਤਰੀਸਾ ਜੌਲੀ ਦੀ ਜੋੜੀ ਵੀ ਇਕ ਸਥਾਨ ਉਪਰ 17ਵੇਂ ਸਥਾਨ ‘ਤੇ ਪਹੁੰਚ ਗਈ ਹੈ। -ਪੀਟੀਆਈ