ਮੁੰਬਈ: ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ 57 ਸਾਲਾਂ ਦਾ ਹੋ ਗਿਆ ਹੈ। ਉਸ ਨੇ ਆਪਣਾ ਜਨਮ ਦਿਨ ਜੋਸ਼ੋ-ਖਰੋਸ਼ ਨਾਲ ਮਨਾਇਆ। ਇਸ ਮੌਕੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੇ ਸਲਮਾਨ ਨੂੰ ਗਲ ਮਿਲ ਲਾ ਕੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਜਨਮ ਦਿਨ ਦੀ ਪਾਰਟੀ ‘ਚ ਦੋਵਾਂ ਦੇ ਇਕੱਠੇ ਨਜ਼ਰ ਆਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹਨ। ਇਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ”ਕਰਨ-ਅਰਜੁਨ ਆ ਗਏ!” ਸਲਮਾਨ ਵੱਲੋਂ ਜਨਮ ਦਿਨ ਦੀ ਪਾਰਟੀ ਆਪਣੀ ਭੈਣ ਅਰਪਿਤਾ ਖਾਨ ਨਾਲ ਰਲ ਕੇ ਦਿੱਤੀ ਗਈ। ਅਰਪਿਤਾ ਦੀ ਧੀ ਆਯਤ ਸ਼ਰਮਾ ਵੀ ਮੰਗਲਵਾਰ ਨੂੰ ਤਿੰਨ ਸਾਲ ਦੀ ਹੋ ਗਈ ਹੈ। ਮਾਮਾ-ਭਾਣਜੀ ਵੱਲੋਂ ਜਨਮ ਦਿਨ ਮੌਕੇ ਦਿੱਤੀ ਗਈ ਪਾਰਟੀ ਮੌਕੇ ਪੂਜਾ ਹੈਗੜੇ, ਕਾਰਤਿਕ ਆਰੀਅਨ, ਸੁਨੀਲ ਸ਼ੈਟੀ, ਤੱਬੂ, ਸੰਗੀਤਾ ਬਿਜਲਾਨੀ, ਸ਼ਾਹਰੁਖ ਸਮੇਤ ਪ੍ਰਮੁੱਖ ਹਸਤੀਆਂ ਪੁੱਜੀਆਂ। ਦੱਸਣਾ ਬਣਦਾ ਹੈ ਕਿ ਬੌਲੀਵੁੱਡ ਦੇ ਇਨ੍ਹਾਂ ਦੋਵੇਂ ਸੁਪਰਸਟਾਰਾਂ ਦਰਮਿਆਨ ਦੋ ਵਾਰ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਵਿਚ ਦੂਰੀਆਂ ਵਧ ਗਈਆਂ ਸਨ ਪਰ ਹੁਣ ਦੋਵਾਂ ਅਦਾਕਾਰਾਂ ਦੇ ਇਕੱਠੇ ਨਜ਼ਰ ਆਉਣ ਤੋਂ ਪ੍ਰਸ਼ੰਸਕ ਹੈਰਾਨ ਹਨ ਅਤੇ ਸੋਸ਼ਲ ਮੀਡੀਆ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਸਲਮਾਨ ਖ਼ਾਨ ਨੂੰ ਜਨਮ ਦਿਨ ਮੌਕੇ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਇੰਸਟਾਗ੍ਰਾਮ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਹ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਚੁੱਕੇ ਹਨ। ਹੁਣ ਦੋਵੇਂ ਅਗਾਮੀ ਜਾਸੂਸੀ-ਐਕਸ਼ਨ ਫ਼ਿਲਮ ‘ਟਾਈਗਰ-3’ ਵਿੱਚ ਨਜ਼ਰ ਆਉਣਗੇ। ਕੈਟਰੀਨਾ ਨੇ ਸਲਮਾਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ”ਟਾਈਗਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਸਲਮਾਨ ਖ਼ਾਨ ਹੈ ਅਸਲੀ ਗੈਂਗਸਟਰ (ਓਰਿਜਨਲ ਗੈਂਗਸਟਰ)।” -ਆਈਏਐੱਨਐੱਸ