ਮੁੰਬਈ: ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਆਉਣ ਵਾਲੀ ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ। ਮੋਸ਼ਨ ਪੋਸਟਰ ਦੀ ਵੀਡੀਓ ਵਿੱਚ ਮਹਾਤਮਾ ਗਾਂਧੀ ਅਤੇ ਨੱਥੂਰਾਮ ਗੋਡਸੇ ਦਰਮਿਆਨ ਵਿਚਾਰਧਾਰਾਵਾਂ ਦੀ ਲੜਾਈ ਨੂੰ ਦਰਸਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨੱਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ 30 ਜਨਵਰੀ, 1948 ਵਾਲੇ ਦਿਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵੀਡੀਓ ਦੀ ਸ਼ੁਰੂਆਤ ਵਿੱਚ ਨੱਥੂਰਾਮ ਕਹਿੰਦਾ ਹੈ ਕਿ ਉਹ ਹਮੇਸ਼ਾ ਮਹਾਤਮਾ ਗਾਂਧੀ ਨੂੰ ਮਾਰਨਾ ਚਾਹੁੰਦਾ ਸੀ ਤੇ ਜੇ ਮੌਕਾ ਮਿਲਿਆ ਤਾਂ ਉਸ ਨੂੰ ਮਾਰ ਦੇਵੇਗਾ ਜਿਸ ਬਾਰੇ ਮਹਾਤਮਾ ਗਾਂਧੀ ਕਹਿੰਦੇ ਹਨ ਕਿ ਗੋਲੀ ਸਿਰਫ ਬੰਦੇ ਨੂੰ ਮਾਰ ਸਕਦੀ ਹੈ ਨਾ ਕਿ ਉਸ ਦੇ ਵਿਚਾਰਾਂ ਨੂੰ ਕਿਉਂਕਿ ਮਰਨ ਤੋਂ ਬਾਅਦ ਵੀ ਬੰਦੇ ਦੇ ਵਿਚਾਰ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਪ੍ਰੇਰਦੇ ਰਹਿੰਦੇ ਹਨ। ਇਸ ਵੀਡੀਓ ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀਆਂ ਕਈ ਝਲਕੀਆਂ ਦਿਖਾਈਆਂ ਗਈਆਂ ਹਨ। ਇਸ ਫਿਲਮ ਲਈ ਗ੍ਰੈਮੀ ਤੇ ਆਸਕਰ ਜੇਤੂ ਏ ਆਰ ਰਹਿਮਾਨ ਨੇ ਸੰਗੀਤ ਦਿੱਤਾ ਹੈ। ਮਹਾਤਮਾ ਗਾਂਧੀ ਦੀ ਭੂਮਿਕਾ ਦੀਪਕ ਅੰਤਾਨੀ ਨੇ ਨਿਭਾਈ ਹੈ, ਜਦਕਿ ਨੱਥੂਰਾਮ ਗੋਡਸੇ ਦੇ ਕਿਰਦਾਰ ਵਿੱਚ ਚਿਨਮਯ ਮੰਡਲੇਕਰ ਨਜ਼ਰ ਆਉਣਗੇ। ਅਸਗਰ ਵਜਾਹਤ ਅਤੇ ਰਾਜਕੁਮਾਰ ਸੰਤੋਸ਼ੀ ਦੁਆਰਾ ਲਿਖੀ ‘ਗਾਂਧੀ ਗੋਡਸੇ ਏਕ ਯੁੱਧ’ ਨਾਲ ਰਾਜਕੁਮਾਰ ਸੰਤੋਸ਼ੀ ਨੌਂ ਸਾਲਾਂ ਬਾਅਦ ਸਿਲਵਰ ਸਕਰੀਨ ‘ਤੇ ਵਾਪਸੀ ਕਰ ਰਹੇ ਹਨ। ਇਹ ਫਿਲਮ ਅਗਲੇ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਿਲੀਜ਼ ਹੋਵੇਗੀ। -ਆਈਏਐੱਨਐੱਸ