ਐਡੀਲੇਡ: ਨੋਵਾਕ ਜੋਕੋਵਿਚ ਨੇ ਅੱਜ ਇੱਥੇ ਐਡੀਲੇਡ ਇੰਟਰਨੈਸ਼ਨਲ ਦੇ ਪਹਿਲੇ ਗੇੜ ‘ਚ ਫਰਾਂਸ ਦੇ ਕਾਂਸਟੈਂਟ ਲੈਸਟਾਈਨ ਨੂੰ 6-3, 6-2 ਨਾਲ ਹਰਾ ਕੇ ਆਸਟਰੇਲੀਆ ਵਿੱਚ ਸਿੰਗਲਜ਼ ਵਰਗ ‘ਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਸਿਖਰਲਾ ਦਰਜਾ ਪ੍ਰਾਪਤ ਜੋਕੋਵਿਚ ਦੀ ਇਹ ਆਸਟਰੇਲੀਆ ਵਿੱਚ ਸਿੰਗਲਜ਼ ਵਰਗ ‘ਚ ਲਗਾਤਾਰ 30ਵੀਂ ਜਿੱਤ ਸੀ। ਜੇ ਉਹ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦਾ ਹੈ ਤਾਂ ਸੈਮੀਫਾਈਨਲ ‘ਚ ਉਸ ਦਾ ਸਾਹਮਣਾ ਸੱਤਵੇਂ ਦਰਜੇ ਦੇ ਦਾਨਿਲ ਮੇਦਵੇਦੇਵ ਨਾਲ ਹੋ ਸਕਦਾ ਹੈ। ਮੈਦਵੇਦੇਵ ਖ਼ਿਲਾਫ਼ ਪਹਿਲੇ ਗੇੜ ਦੇ ਮੈਚ ਵਿੱਚ ਇਟਲੀ ਦੇ ਲੋਰੇਂਜੋ ਸੋਨੇਗੋ ਨੂੰ ਸੱਟ ਕਾਰਨ ਮੈਚ ਵਿਚਾਲੇ ਹੀ ਛੱਡਣਾ ਪਿਆ। ਜਦੋਂ ਖੇਡ ਰੋਕੀ ਗਈ ਤਾਂ ਮੈਦਵੇਦੇਵ 7-6, 2-1 ਨਾਲ ਅੱਗੇ ਚੱਲ ਰਿਹਾ ਸੀ। ਐਡੀਲੇਡ ਵਿੱਚ ਦਰਸ਼ਕਾਂ ਨੇ ਮੁੜ ਜੋਕੋਵਿਚ ਦਾ ਨਿੱਘਾ ਸਵਾਗਤ ਕੀਤਾ, ਜਿੱਥੇ ਉਸ ਨੇ 19 ਸਾਲ ਦੀ ਉਮਰ ਵਿੱਚ ਇਹ ਟੂਰਨਾਮੈਂਟ ਜਿੱਤਿਆ ਸੀ। -ਪੀਟੀਆਈ