ਨਵੀਂ ਦਿੱਲੀ, 4 ਜਨਵਰੀ
ਦੇਹਰਾਦੂਨ (ਰੁੜਕੀ) ਨਜ਼ਦੀਕ ਪਿਛਲੇ ਦਿਨੀਂ ਕਾਰ ਹਾਦਸੇ ‘ਚ ਜ਼ਖ਼ਮੀ ਹੋਏ ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਗੋਡੇ ਦੀ ਚੱਪਣੀ ਤੇ ਗਿੱਟੇ ਦੀ ਸੱਟ ਦੇ ਵਿਆਪਕ ਇਲਾਜ ਲਈ ਅੱਜ ਹਵਾਈ ਰਸਤੇ ਮੁੰਬਈ ਤਬਦੀਲ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਕਿਹਾ ਕਿ ਗੋਡੇ ਦੀ ਸਰਜਰੀ ਕਰਕੇ ਕ੍ਰਿਕਟਰ ਨੂੰ ਅਣਮਿੱਥੇ ਸਮੇਂ ਲਈ ਖੇਡ ਤੋਂ ਦੂਰ ਹੋਣਾ ਪੈ ਸਕਦਾ ਹੈ। ਕ੍ਰਿਕਟ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਪ੍ਰੈੱਸ ਰਿਲੀਜ਼ ਵਿੱਚ ਕਿਹਾ ਕਿ ਪੰਤ ਨੂੰ ਦੇਹਰਾਦੂਨ ਦੇ ਹਸਪਤਾਲ ਤੋਂ ਏਅਰਲਿਫਟ ਕਰਕੇ ਮੁੰਬਈ ਲਿਆਂਦਾ ਗਿਆ ਹੈ, ਜਿੱਥੇ ਉਸ ਦੇ ਗੋਡੇ ਤੇ ਗਿੱਟੇ ਦੀਆਂ ਸੱਟਾਂ ਦਾ ਵਿਆਪਕ ਇਲਾਜ ਹੋਵੇਗਾ।” ਬੀਸੀਸੀਆਈ ਨੇ ਕਿਹਾ ਕਿ ਪੰਤ ਕਮਰਸ਼ਲ ਏਅਰਲਾਈਨ ਵਿੱਚ ਸਫ਼ਰ ਕਰਨ ਦੀ ਹਾਲਤ ਵਿੱਚ ਨਹੀਂ ਸੀ, ਜਿਸ ਕਰਕੇ ਉਸ ਨੂੰ ਹਵਾਈ ਐਂਬੂਲੈਂਸ ਜ਼ਰੀਏ ਮੁੰਬਈ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੁੰਬਈ ਵਿੱਚ ਪੰਤ ਦਾ ਇਲਾਜ ਉੱਘੇ ਖੇਡ ਔਰਥੋਪੇਡਿਕ ਸਰਜਨ ਦਿਨਸ਼ਾਅ ਪਾਰਦੀਵਾਲਾ ਵੱਲੋਂ ਕੀਤਾ ਜਾਵੇਗਾ। ਸ਼ਾਹ ਨੇ ਕਿਹਾ, ”ਪੰਤ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਤੇ ਮੈਡੀਕਲ ਰਿਸਰਚ ਇੰਸਟੀਚਿਊਟ ਵਿਚ ਦਾਖ਼ਲ ਕਰਵਾਇਆ ਜਾਵੇਗਾ, ਜਿੱਥੇ ਉਹ ਡਾ. ਦਿਨਸ਼ਾਅ ਪਾਰਦੀਵਾਲਾ ਦੀ ਸਿੱਧੀ ਨਿਗਰਾਨੀ ਹੇਠ ਰਹੇਗਾ।” -ਪੀਟੀਆਈ