ਸਿਡਨੀ: ਆਸਟਰੇਲੀਆ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਲੜੀ ‘ਚ ਕਲੀਨ ਸਵੀਪ ਕਰਨ ਲਈ ਅੱਜ ਇੱਥੇ ਆਖਰੀ ਦਿਨ 14 ਵਿਕਟਾਂ ਦੀ ਲੋੜ ਸੀ ਪਰ ਮੇਜ਼ਬਾਨ ਟੀਮ ਸਿਰਫ਼ ਛੇ ਵਿਕਟਾਂ ਹੀ ਹਾਸਲ ਕਰ ਸਕੀ ਜਿਸ ਕਾਰਨ ਲੜੀ ਦਾ ਤੀਜਾ ਤੇ ਆਖਰੀ ਟੈਸਟ ਮੈਚ ਡਰਾਅ ਰਿਹਾ। ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ‘ਚ 255 ਦੌੜਾਂ ‘ਤੇ ਸਮੇਟ ਕੇ ਫਾਲੋਆਨ ਲਈ ਮਜਬੂਰ ਕਰਨ ਦੇ ਬਾਵਜੂਦ ਆਸਟਰੇਲੀਆ ਨੂੰ ਡਰਾਅ ਨਾਲ ਸਬਰ ਕਰਨਾ ਪਿਆ ਤੇ ਟੀਮ ਨੇ ਲੜੀ 2-0 ਨਾਲ ਆਪਣੇ ਨਾਂ ਕੀਤੀ। ਦੱਖਣੀ ਅਫਰੀਕਾ ਨੇ ਦੂਜੀ ਪਾਰੀ ‘ਚ ਕਪਤਾਨ ਡੀਨ ਐਲਗਰ (10) ਅਤੇ ਹੈਨਰਿਕ ਕਲਾਸੇਨ (35) ਦੀਆਂ ਵਿਕਟਾਂ ਗੁਆ ਕੇ ਦੋ ਵਿਕਟਾਂ ਦੇ ਨੁਕਸਾਨ ‘ਤੇ 106 ਦੌੜਾਂ ਬਣਾਈਆਂ ਤਾਂ ਦੋਵੇਂ ਟੀਮਾਂ ਮੈਚ ਡਰਾਅ ਕਰਾਉਣ ਲਈ ਸਹਿਮਤ ਹੋ ਗਈ। ਇਸ ਸਮੇਂ ਸਲਾਮੀ ਬੱਲੇਬਾਜ਼ ਸੈਰੇਲ ਇਰਵੀ 42 ਜਦਕਿ ਤੈਂਬਾ ਬਾਵੁਮਾ 17 ਦੌੜਾਂ ਬਣਾ ਕੇ ਖੇਡ ਰਹੇ ਸੀ। ਆਸਟਰੇਲੀਆ ਨੇ ਪਹਿਲੀ ਪਾਰੀ ਚਾਰ ਵਿਕਟਾਂ ‘ਤੇ 475 ਦੌੜਾਂ ਬਣਾਉਣ ਮਗਰੋਂ ਸਮਾਪਤ ਐਲਾਨ ਦਿੱਤੀ ਸੀ। -ਪੀਟੀਆਈ