ਐਡੀਲੇਡ: ਸੱਟ ਦੇ ਬਾਵਜੂਦ ਨੋਵਾਕ ਜੋਕੋਵਿਚ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਮਰੀਕਾ ਦੇ ਸਬੈਸਟੀਅਨ ਕੋਰਡਾ ਨੂੰ 6-7, 7-6, 6-4 ਨਾਲ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਲਿਆ ਹੈ। ਜੋਕੋਵਿਚ ਨੂੰ ਦਾਨਿਲ ਮੈਦਵੇਦੇਵ ਖ਼ਿਲਾਫ਼ ਸੈਮੀਫਾਈਨਲ ਮੁਕਾਬਲੇ ਦੌਰਾਨ ਸੱਟ ਵੱਜੀ ਸੀ। ਇਸ ਦੇ ਬਾਵਜੂਦ ਉਸ ਨੇ ਤਿੰਨ ਘੰਟੇ ਤੋਂ ਵੱਧ ਸਮਾਂ ਚੱਲਿਆ ਫਾਈਨਲ ਖੇਡਿਆ ਅਤੇ ਕੈਰੀਅਰ ਦਾ 92ਵਾਂ ਸਿੰਗਲ ਖਿਤਾਬ ਆਪਣੇ ਨਾਂ ਕੀਤਾ। ਐਡੀਲੇਡ ‘ਚ ਇਹ ਉਸ ਦਾ ਦੂਜਾ ਖਿਤਾਬ ਹੈ। ਉਸ ਨੇ 2007 ‘ਚ 19 ਸਾਲ ਦੀ ਉਮਰ ‘ਚ ਪਹਿਲਾ ਖ਼ਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਮਹਿਲਾ ਵਰਗ ‘ਚ ਦੂਜਾ ਦਰਜਾ ਹਾਸਲ ਐਰਿਨਾ ਸਬਾਲੈਂਕਾ ਨੇ ਕੁਆਲੀਫਾਇਰ ਲਿੰਡਾ ਨੋਸਕੋਵਾ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਆਪਣਾ 11ਵਾਂ ਡਬਲਿਊਟੀਏ ਟੂਰ ਸਿੰਗਲ ਅਤੇ ਤਕਰੀਬਨ ਦੋ ਸਾਲ ‘ਚ ਪਹਿਲਾ ਸਿੰਗਲ ਖ਼ਿਤਾਬ ਜਿੱਤਿਆ। ਸਬਾਲੈਂਕਾ ਨੇ ਡਬਲਿਊਟੀਏ ਪੱਧਰ ‘ਤੇ ਪਹਿਲੀ ਵਾਰ ਫਾਈਨਲ ‘ਚ ਥਾਂ ਬਣਾਉਣ ਦੌਰਾਨ ਨੋਸਕੋਵਾ ਨੂੰ 6-2, 7-6 ਨਾਲ ਹਰਾਇਆ। -ਪੀਟੀਆਈ