ਰੁੜਕੇਲਾ: ਘਰੇਲੂ ਧਰਤੀ ‘ਤੇ ਤੀਜਾ ਅਤੇ ਆਪਣਾ ਚੌਥਾ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਖੇਡਣ ਦੀ ਤਿਆਰੀ ਕਰ ਰਹੇ ਭਾਰਤੀ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਕਿਹਾ ਕਿ ਉਸ ਦੀ ਟੀਮ ਪਿਛਲੀ ਵਾਰ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਕੱਪ ਜਿੱਤ ਸਕਦੀ ਹੈ। ਪਿਛਲੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਕੁਆਰਟਰ ਫਾਈਨਲ ਵਿੱਚ ਬਾਹਰ ਹੋ ਗਈ ਸੀ। ਜ਼ਿਕਰਯੋਗ ਹੈ ਕਿ 13 ਜਨਵਰੀ ਤੋਂ ਇੱਥੇ ਹਾਕੀ ਵਿਸ਼ਵ ਕੱਪ ਸ਼ੁਰੂ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਸਪੇਨ ਖ਼ਿਲਾਫ਼ ਭਾਰਤ ਦੇ ਪਹਿਲੇ ਗਰੁੱਪ ਮੈਚ ਤੋਂ ਪਹਿਲਾਂ ਸ੍ਰੀਜੇਸ਼ ਨੇ ਕਿਹਾ, ”ਆਪਣੇ ਦੇਸ਼ ਲਈ ਚੌਥਾ ਵਿਸ਼ਵ ਕੱਪ ਖੇਡਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਵੀ ਜ਼ਿਆਦਾ ਖਾਸ ਗੱਲ ਇਹ ਹੈ ਕਿ ਘਰੇਲੂ ਧਰਤੀ ‘ਤੇ ਇਹ ਮੇਰਾ ਤੀਜਾ ਵਿਸ਼ਵ ਕੱਪ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਖਿਡਾਰੀ ਆਪਣੇ ਘਰ ਤਿੰਨ ਵਿਸ਼ਵ ਕੱਪ ਖੇਡਿਆ ਹੋਵੇ।” ਉਸ ਨੇ ਕਿਹਾ, ”2018 ਵਿੱਚ ਅਸੀਂ ਸੈਮੀਫਾਈਨਲ ਵਿੱਚ ਨਹੀਂ ਪਹੁੰਚ ਸਕੇ ਸੀ। ਹੁਣ ਸਾਡੇ ਕੋਲ ਇਸ ਵੱਕਾਰੀ ਮੁਕਾਬਲੇ ਵਿੱਚ ਆਪਣੀ ਕਿਸਮਤ ਬਦਲਣ ਦਾ ਇੱਕ ਹੋਰ ਮੌਕਾ ਹੈ। ਉਮੀਦ ਹੈ ਕਿ ਅਸੀਂ ਆਪਣੇ ਪਿਛਲੇ ਪ੍ਰਦਰਸ਼ਨ ‘ਚ ਸੁਧਾਰ ਕਰਾਂਗੇ ਅਤੇ ਵਿਸ਼ਵ ਕੱਪ ਜਿੱਤਾਂਗੇ।” ਮਨਪ੍ਰੀਤ ਸਿੰਘ ਤੋਂ ਬਾਅਦ ਟੀਮ ਵਿੱਚ ਸ਼ਾਮਲ ਸਭ ਤੋਂ ਤਜਰਬੇਕਾਰ ਖਿਡਾਰੀ 34 ਸਾਲਾ ਸ੍ਰੀਜੇਸ਼ ਨੇ ਕਿਹਾ ਕਿ ਜ਼ਿਆਦਾ ਵਾਰੀ ਵਿਸ਼ਵ ਕੱਪ ਖੇਡਣ ਤੋਂ ਵੱਧ ਨਤੀਜੇ ਮਾਇਨੇ ਰੱਖਦੇ ਹਨ। -ਪੀਟੀਆਈ