ਵਡੋਦਰਾ (ਗੁਜਰਾਤ), 14 ਜਨਵਰੀ
ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ 28 ਸਾਲਾ ਸਿਧਾਰਥ ਸ਼ਰਮਾ ਦਾ ਵਡੋਦਰਾ ਵਿੱਚ ਦੇਹਾਂਤ ਹੋ ਗਿਆ, ਜਿੱਥੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਪੰਜਾਬ ਦੇ ਨੰਗਲ ਵਿੱਚ ਕਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਟਵਿੱਟਰ ‘ਤੇ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਿਮਾਚਲ ਦੇ ਸ਼ਹਿਰ ਊਨਾ ਦਾ ਨਿਵਾਸੀ 3 ਜਨਵਰੀ ਤੋਂ 6 ਜਨਵਰੀ ਤੱਕ ਬੜੌਦਾ ਖ਼ਿਲਾਫ਼ ਰਣਜੀ ਟਰਾਫੀ ਮੈਚ ਖੇਡਣ ਲਈ ਗੁਜਰਾਤ ਗਿਆ ਸੀ। 31 ਦਸੰਬਰ ਨੂੰ ਅਭਿਆਸ ਸੈਸ਼ਨ ਦੌਰਾਨ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ਹੋਈ ਸੀ। ਉਸ ਦਿਨ ਬਾਅਦ ਵਿੱਚ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।