ਪੱਤਰ ਪ੍ਰੇਰਕ
ਬਟਾਲਾ/ਘੁਮਾਣ, 15 ਜਨਵਰੀ
ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 643ਵੇਂ ਪ੍ਰਲੋਕ ਗਮਨ ਨੂੰ ਸਮਰਪਿੱਤ 43ਵੇਂ ਬਾਬਾ ਨਾਮਦੇਵ ਜੀ ਯਾਦਗਾਰੀ ਖੇਡ ਮੇਲੇ ਦਾ ਆਗ਼ਾਜ਼ ਅੱਜ ਹੋਇਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦੇ ਵਿਸ਼ਾਲ ਖੇਡ ਮੈਦਾਨ ਵਿੱਚ ਖੇਡ ਟੂਰਨਾਮੈਂਟ ਦਾ ਉਦਘਾਟਨ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ, ਅਮਰਬੀਰ ਸਿੰਘ ਯੂਐਸਏ ਅਤੇ ਬਟਾਲਾ ਐਸਡੀਐਮ ਸ੍ਰੀਮਤੀ ਸ਼ਾਇਰੀ ਭੰਡਾਰੀ ਵੱਲੋਂ ਕੀਤਾ ਗਿਆ। ਜਦੋਂ ਕਿ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਸਿੰਘ ਭਾਟੀਆ ਵੀ ਸ਼ਾਮਲ ਹੋਏ। ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵੱਲੋਂ ਕਰਵਾਏ ਜਾ ਰਿਹਾ ਇਹ ਖੇਡ ਮੇਲਾ ਤਿੰਨ ਦਿਨ ਚੱਲੇਗਾ। ਖੇਡ ਮੇਲੇ ਦੇ ਪਲੇਠੇ ਦਿਨ ਅੱਜ ਕਬੱਡੀ, ਦੌੜਾਂ, ਲੰਬੀ ਛਾਲ ਅਤੇ ਉਚੀ ਛਾਲ, ਫੁੱਟਬਾਲ, ਵਾਲੀਬਾਲ ਸਮੇਤ ਹੋਰ ਖੇਡਾਂ ਹੋਈਆਂ। ਇਸ ਮੌਕੇ ‘ਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਕਬੱਲ ਪ੍ਰਧਾਨ ਗੁਰਨਾਮ ਸਿੰਘ ਅਠਵਾਲ ਅਤੇ ਮਾਸਟਰ ਸੁਖਦੇਵ ਸਿੰਘ ਦਕੋਹਾ ਨੇ ਦੱਸਿਆ ਕਿ ਅੱਜ 55 ਕਿਲੋ ਪੰਚਾਇਤੀ ਪੱਧਰ ਕਬੱਡੀ ਵਿੱਚ ਕਈ ਅੱਧੀ ਦਰਜਨ ਦੇ ਕਰੀਬ ਟੀਮਾਂ ਨੇ ਭਾਗ ਲਿਆ। ਇਸੇ ਤਰ੍ਹਾਂ ਫੁਟਬਾਲ ਦੀਆਂ 14 ਟੀਮਾਂ ਨੇ ਹਿੱਸਾ ਲਿਆ। ਲੜਕੇ ਅਤੇ ਲੜਕੀਆਂ ਦੇ (ਅੰਡਰ 14) 100 ਤੇ 600 ਮੀਟਰ ਦੌੜ ਅਤੇ ਲੰਬੀ ਛਾਲ, (ਅੰਡਰ 17) ਲੜਕੇ ਤੇ ਲੜਕੀਆਂ ਦੇ 100 ਤੇ 800 ਮੀਟਰ ਦੌੜ ਅਤੇ ਲੰਬੀ ਛਾਲ, ਜਦੋਂ ਕਿ ਲੜਕੇ ਤੇ ਲੜਕੀਆਂ ਦੇ (ਅੰਡਰ 19) 100 ਮੀਟਰ ਅਤੇ 1500 ਮੀਟਰ ਦੌੜ ਤੋਂ ਇਲਾਵਾ ਲੰਬੀ ਅਤੇ ਉਚੀ ਛਾਲ ਦੇ ਮੁਕਾਬਲੇ ਹੋਏ। ਇਸ ਮੌਕੇ ਕਲੱਬ ਦੇ ਅਹੁੱਦੇਦਾਰਾਂ ਵੱਲੋਂ ਮੁੱਖ ਮਹਿਮਾਨ ਵਿਧਾਇਕ ਅਮਰਪਾਲ ਸਿੰਘ, ਡੀਈਓ ਅਮਰਜੀਤ ਸਿੰਘ ਭਾਟੀਆ, ਅਮਰਬੀਰ ਸਿੰਘ ਯੂਐਸਏ, ਐਸਡੀਐਮ ਸ਼੍ਰੀਮਤੀ ਸ਼ਾਇਰੀ ਭੰਡਾਰੀ, ਨਾਇਬ ਤਹਿਸੀਲਦਾਰ ਨਿਰਮਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ।