ਨਵੀਂ ਦਿੱਲੀ, 21 ਜਨਵਰੀ
ਭਾਰਤੀ ਕੁਸ਼ਤੀ ਮਹਾਸੰਘ ਨੇ ਆਪਣੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਲੱਗੇ ਜਿਨਸੀ ਸ਼ੋਸ਼ਣ ਸਮੇਤ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਖੇਡ ਸੰਸਥਾ ਵਿੱਚ ਮਨਮਾਨੀ ਅਤੇ ਕੁਪ੍ਰਬੰਧਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਫੈਡਰੇਸ਼ਨ ਨੇ ਖੇਡ ਮੰਤਰਾਲੇ ਨੂੰ ਦਿੱਤੇ ਆਪਣੇ ਜਵਾਬ ਵਿੱਚ ਕਿਹਾ, ਫੈਡਰੇਸ਼ਨ ਦਾ ਪ੍ਰਬੰਧਨ ਇਸ ਦੇ ਸੰਵਿਧਾਨ ਅਨੁਸਾਰ ਚੁਣੀ ਹੋਈ ਸੰਸਥਾ ਦੁਆਰਾ ਕੀਤਾ ਜਾਂਦਾ ਹੈ ਅਤੇ ਇਸ ਲਈ ਪ੍ਰਧਾਨ ਸਮੇਤ ਕਿਸੇ ਵੀ ਵਿਅਕਤੀ ਵੱਲੋਂ ਇਸ ਵਿੱਚ ਮਨਮਾਨੀ ਅਤੇ ਕੁਪ੍ਰਬੰਧਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਫੈਡਰੇਸ਼ਨ ਨੇ ਮੌਜੂਦਾ ਪ੍ਰਧਾਨ ਅਧੀਨ ਹਮੇਸ਼ਾ ਪਹਿਲਵਾਨਾਂ ਦੇ ਸਰਵੋਤਮ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕੀਤਾ ਹੈ। ਜਵਾਬ ਵਿੱਚ ਕਿਹਾ ਗਿਆ ਹੈ ਕਿ ਭਲਵਾਨ ਫੈਡਰੇਸ਼ਨ ਨੂੰ ਬਦਨਾਮ ਕਰਨ ਲਈ ਨਿੱਜੀ ਹਿੱਤ ਜਾਂ ਦਬਾਅ ਹੇਠ ਵਿਰੋਧ ਕਰ ਰਹੇ ਹਨ। ਇਸ ਵਿਰੋਧ ਪਿੱਛੇ ਮੌਜੂਦਾ ਪ੍ਰਬੰਧ ਨੂੰ ਬਦਲਣ ਲਈ ਕੁੱਝ ਨਿੱਜੀ ਤੇ ਲੁਕੇ ਏਜੰਡੇ ਹਨ।