ਦੁਬਈ: ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਆਈਸੀਸੀ ਦੀ ਤਾਜ਼ਾ ਟੀ-20 ਦਰਜਾਬੰਦੀ ਵਿੱਚ ਪਹਿਲੇ ਸਥਾਨ ‘ਤੇ ਬਰਕਰਾਰ ਹੈ। ਰਾਂਚੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਚੱਲ ਰਹੀ ਟੀ-20 ਲੜੀ ਦੇ ਪਹਿਲੇ ਮੈਚ ‘ਚ 47 ਦੌੜਾਂ ਬਣਾਉਣ ਮਗਰੋਂ ਉਸ ਦੇ ਰੇਟਿੰਗ ਅੰਕ 910 ਹੋ ਗਏ ਸਨ ਪਰ ਦੂਜੇ ਮੈਚ ਤੋਂ ਬਾਅਦ ਉਹ 908 ਅੰਕਾਂ ‘ਤੇ ਆ ਗਿਆ। ਦੂਜੇ ਮੈਚ ਵਿੱਚ ਉਸ ਨੇ ਨਾਬਾਦ 26 ਦੌੜਾਂ ਦੀ ਪਾਰੀ ਖੇਡੀ ਸੀ। ਪਿਛਲੇ ਸਾਲ ਟੀ-20 ਵਿਸ਼ਵ ਕੱਪ ਵਿੱਚ ਛੇ ਮੈਚਾਂ ਵਿੱਚ 239 ਦੌੜਾਂ ਬਣਾ ਕੇ ਉਹ ਟੀ-20 ਦਰਜਾਬੰਦੀ ਵਿੱਚ ਸਿਖਰ ‘ਤੇ ਪਹੁੰਚਿਆ ਸੀ। ਇਸ ਤੋਂ ਬਾਅਦ ਉਸ ਨੂੰ ਪਿਛਲੇ ਮਹੀਨੇ ਆਈਸੀਸੀ ਵੱਲੋਂ ਸਾਲ ਦਾ ਸਰਬੋਤਮ ਟੀ-20 ਕ੍ਰਿਕਟਰ ਵੀ ਚੁਣਿਆ ਗਿਆ ਸੀ। ਸੂਰਿਆਕੁਮਾਰ ਤੋਂ ਇਲਾਵਾ ਕੋਈ ਹੋਰ ਭਾਰਤੀ ਬੱਲੇਬਾਜ਼ ਜਾਂ ਗੇਂਦਬਾਜ਼ ਸਿਖਰਲੇ 10 ਵਿੱਚ ਸ਼ਾਮਲ ਨਹੀਂ ਹੈ। ਹਰਫਨਮੌਲਾ ਖਿਡਾਰੀਆਂ ਦੀ ਸੂਚੀ ‘ਚ ਹਾਰਦਿਕ ਪੰਡਿਆ ਤੀਜੇ ਸਥਾਨ ‘ਤੇ ਹੈ। ਮੁਹੰਮਦ ਸਿਰਾਜ ਇੱਕ ਰੋਜ਼ਾ ਗੇਂਦਬਾਜ਼ਾਂ ਦੀ ਸੂਚੀ ‘ਚ ਸਿਖਰ ‘ਤੇ ਬਰਕਰਾਰ ਹੈ। -ਪੀਟੀਆਈ