ਪੱਤਰ ਪ੍ਰੇਰਕ
ਰੂਪਨਗਰ, 1 ਫਰਵਰੀ
ਜ਼ਿਲ੍ਹੇ ਦੇ ਪਿੰਡ ਰੋਡਮਾਜਰਾ ਚੱਕਲਾਂ ਵਿੱਚ ਬਾਬਾ ਗਾਜ਼ੀਦਾਸ ਸਪੋਰਟਸ ਕਲੱਬ ਵੱਲੋਂ ਗਰਾਮ ਪੰਚਾਇਤ ਰੋਡਮਾਜਰਾ, ਇਲਾਕਾ ਵਾਸੀਆਂ ਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਅੱਜ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਟੂਰਨਾਮੈਂਟ ਬਾਬਾ ਗਾਜ਼ੀਦਾਸ ਸਟੇਡੀਅਮ ਰੋਡਮਾਜਰਾ ਚੱਕਲਾਂ ‘ਚ ਸ਼ੁਰੂ ਹੋਇਆ। ਕਲੱਬ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਦੇਖ-ਰੇਖ ਹੇਠ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਸਟੇਡੀਅਮ ਨੇੜਲੇ ਗੁਰਦੁਆਰੇ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਏਡੀਸੀ ਰੂਪਨਗਰ ਹਰਜੋਤ ਕੌਰ, ਰਵਿੰਦਰ ਸਿੰਘ ਭੰਗੂ ਯੂ.ਐਸ.ਏ., ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਸਾਂਝੇ ਤੌਰ ‘ਤੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਟੂਰਨਾਮੈਂਟ ਦੇ ਅੱਜ ਪਹਿਲੇ ਦਿਨ ਲੜਕੀਆਂ ਦੀਆਂ ਨੈਸ਼ਨਲ ਸਟਾਈਲ ਕਬੱਡੀ ਦੀਆਂ 8 ਟੀਮਾਂ ਅਤੇ ਸਰਕਲ ਸਟਾਈਲ ਕਬੱਡੀ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਲੜਕਿਆਂ ਦੀਆਂ ਇੱਕ ਪਿੰਡ ਓਪਨ 12 ਟੀਮਾਂ ਨੇ ਹਿੱਸਾ ਲਿਆ। ਨੈਸ਼ਨਲ ਸਟਾਈਲ ਕਬੱਡੀ ਦੇ ਫਾਈਨਲ ਮੈਚ ਦੌਰਾਨ ਰੂਪਨਗਰ ਦੀਆਂ ਲੜਕੀਆਂ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 7 ਅੰਕਾਂ ਦੇ ਫਰਕ ਨਾਲ ਹਰਾ ਕੇ ਕਬੱਡੀ ਕੱਪ ਤੇ ਕਬਜ਼ਾ ਕੀਤਾ। ਸਰਕਲ ਸਟਾਈਲ ਮੁਕਾਬਲਿਆਂ ਦੌਰਾਨ ਘੋਲਾ ਖਹਿਰਾ ਯੂ.ਐਸ.ਏ. ਫਿਲੌਰ ਦੀ ਟੀਮ ਸ਼ਹਿਣਾ ਮੋਗਾ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਲੜਕਿਆਂ ਦੇ ਇੱਕ ਪਿੰਡ ਓਪਨ ਮੁਕਾਬਲਿਆਂ ਵਿੱਚ ਖੁੱਡਾ ਅਲੀਸ਼ੇਰ ਦੀ ਟੀਮ ਧਨਾਸ ਨੂੰ ਹਰਾ ਕੇ ਜੇਤੂ ਰਹੀ। ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਬੀਬੀ ਕਮਲਜੀਤ ਕੌਰ ਮੁੱਖ ਪ੍ਰਬੰਧਕ ਗੁਰੂਦੁਆਰਾ ਸ਼ਹੀਦ ਦੀਪ ਸਿੰਘ ਜੀ ਸੋਲਖੀਆਂ, ਬਿੱਟੂ ਬਾਜਵਾ ਸਰਪੰਚ ਰੋਡਮਾਜਰਾ, ਮੋਹਰ ਸਿੰਘ ਸਾਬਕਾ ਸਰਪੰਚ ਖਾਬੜਾ , ਸਰਬਜੀਤ ਕੌਰ ਸਰਪੰਚ ਚੱਕਲਾਂ ਅਤੇ ਬਬਲਾ ਸਰਪੰਚ ਗੋਸਲਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।