ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਜੌਹਨ ਅਬਰਾਹਮ ਤੇ ਦੀਪਿਕਾ ਪਾਦੂਕੋਣ ਦੀ ਫਿਲਮ ‘ਪਠਾਨ’ ਬੌਕਸ ਆਫ਼ਿਸ ‘ਤੇ ਲਗਾਤਾਰ ਰਿਕਾਰਡ ਤੋੜ ਰਹੀ ਹੈ। ਇਸ ਫ਼ਿਲਮ ਨੇ ਦੇਸ਼-ਵਿਦੇਸ਼ ਵਿੱਚ ਛੇ ਦਿਨਾਂ ਦੌਰਾਨ ਕੁੱਲ 591 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਿਧਾਰਥ ਅਨੰਦ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਈ ਸੀ। ‘ਪਠਾਨ’ ਨੇ ਛੇਵੇਂ ਦਿਨ ਭਾਰਤ ਵਿੱਚ 26.50 ਕਰੋੜ ਦਾ ਮੁਨਾਫਾ ਕਰਦਿਆਂ ਕੁੱਲ 32 ਕਰੋੜ ਰੁਪਏ ਕਮਾਏ ਹਨ। ਵਿਦੇਸ਼ਾਂ ਵਿੱਚ ਫਿਲਮ ਨੇ ਛੇਵੇਂ ਦਿਨ 16 ਕਰੋੜ ਦੀ ਕਮਾਈ ਕੀਤੀ ਹੈ। ‘ਪਠਾਨ’ ਨੇ ਰਿਕਾਰਡ ਬਣਾਉਂਦਿਆਂ ਵਿਦੇਸ਼ਾਂ ਵਿੱਚ ਸਿਰਫ ਛੇ ਦਿਨਾਂ ‘ਚ 27.56 ਮਿਲੀਅਨ ਡਾਲਰ (224.6 ਕਰੋੜ) ਦੀ ਕਮਾਈ ਕੀਤੀ ਹੈ, ਜਦੋਂਕਿ ਭਾਰਤ ਵਿੱਚ ਕੁੱਲ ਕਮਾਈ 307.25 ਕਰੋੜ ਰੁਪਏ ਹੋਈ ਹੈ। ਇਕ ਹੋਰ ਰਿਕਾਰਡ ਬਣਾਉਂਦਿਆਂ ‘ਪਠਾਨ’ ਛੇ ਦਿਨਾਂ ਵਿੱਚ ਸਭ ਤੋਂ ਤੇਜ਼ੀ ਨਾਲ 300 ਕਰੋੜ ਰੁਪਏ ਕਮਾਉਣ ਵਾਲੀ ਹਿੰਦੀ ਫਿਲਮ ਅਤੇ ਮਹਾਮਾਰੀ ਤੋਂ ਬਾਅਦ 300 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ। ਯਸ਼ ਰਾਜ ਫਿਲਮਜ਼ ਦੀਆਂ ਸਾਰੀਆਂ ਜਾਸੂਸੀ ਫਿਲਮਾਂ ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’, ‘ਵਾਰ’ ਅਤੇ ‘ਪਠਾਨ’ ਦੇ ਨਤੀਜੇ ਬਹੁਤ ਸ਼ਾਨਦਾਰ ਰਹੇ ਹਨ। -ਆਈਏਐੱਨਐੱਸ