ਕੀਵ, 4 ਫਰਵਰੀ
ਰੂਸ ਤੇ ਯੂਕਰੇਨ ਵਿਚਾਲੇ ਹੋਏ ਜੰਗੀ ਕੈਦੀਆਂ ਦੇ ਤਬਾਦਲੇ ਤਹਿਤ ਦਰਜਨਾਂ ਫ਼ੌਜੀ ਆਪੋ-ਆਪਣੇ ਘਰ ਪਰਤ ਆਏ ਹਨ। ਦੋਵਾਂ ਪਾਸਿਓਂ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ 116 ਯੂਕਰੇਨ ਬੰਦੀ ਛੱਡੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਕਈ ਕੈਦੀ ਅਜਿਹੇ ਹਨ ਜਿਨ੍ਹਾਂ ਨੂੰ ਰੂਸੀਆਂ ਨੇ ਮਾਰੀਓਪੋਲ ਵਿਚ ਫੜਿਆ ਸੀ। ਇਸ ਸ਼ਹਿਰ ਨੂੰ ਰੂਸ ਨੇ ਕਈ ਮਹੀਨੇ ਘੇਰਾ ਪਾਈ ਰੱਖਿਆ ਸੀ। ਇਹ ਸ਼ਹਿਰ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ। ਖੇਰਸਾਨ ਖਿੱਤੇ ਤੋਂ ਫੜੇ ਗਏ ਕਈ ਗੁਰੀਲਾ ਲੜਾਕੇ ਵੀ ਛੱਡੇ ਗਏ ਹਨ। ਇਸ ਤੋਂ ਇਲਾਵਾ ਬਖਮੁਤ ਤੋਂ ਹਿਰਾਸਤ ਵਿਚ ਲਏ ਗਏ ਕਈ ਨਿਸ਼ਾਨਚੀ ਵੀ ਰੂਸ ਨੇ ਯੂਕਰੇਨ ਨੂੰ ਸੌਂਪੇ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ 63 ਸੈਨਿਕ ਯੂਕਰੇਨ ਤੋਂ ਪਰਤ ਆਏ ਹਨ। ਇਨ੍ਹਾਂ ਵਿਚ ਕਈ ‘ਵਿਸ਼ੇਸ਼ ਵਰਗ’ ਦੇ ਕੈਦੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਯੂਏਏ ਨੇ ਦਖ਼ਲ ਦੇ ਕੇ ਛੁਡਾਇਆ ਹੈ। ਰੂਸ ਨੇ ਹਾਲਾਂਕਿ ਇਨ੍ਹਾਂ ‘ਵਿਸ਼ੇਸ਼ ਕੈਦੀਆਂ’ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। -ਏਪੀ