ਪੱਤਰ ਪ੍ਰੇਰਕ
ਲੌਂਗੋਵਾਲ, 6 ਫਰਵਰੀ
ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਲੌਂਗੋਵਾਲ ਵਿੱਚ ਕਰਵਾਈਆਂ ਗਈਆਂ ‘ਖੇਡਾਂ ਹਲਕਾ ਸੁਨਾਮ ਦੀਆਂ’ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਦੇ ਨਿੱਜੀ ਉਪਰਾਲੇ ਨਾਲ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਦੇ ਸਮਾਪਤੀ ਸਮਾਰੋਹ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਪ੍ਰਧਾਨਗੀ ਕੀਤੀ ਅਤੇ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਅਤੇ ਟਰਾਫੀਆਂ ਨਾਲ ਸਨਮਾਨਿਆ। ਇਸ ਦੌਰਾਨ ਵਾਲੀਬਾਲ ਸ਼ੂਟਿੰਗ ਵਿੱਚ ਪਿੰਡ ਅਕਬਰਪੁਰ ਦੀ ਟੀਮ ਨੇ ਪਹਿਲਾ, ਸ਼ੇਰੋਂ ਦੀ ਟੀਮ ਨੇ ਦੂਜਾ ਅਤੇ ਸਾਹਪੁਰ ਕਲਾਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਸਮੈਸ਼ਿੰਗ ਵਿੱਚ ਬਡਰੁੱਖਾਂ ਨੇ ਪਹਿਲਾ ਸਥਾਨ, ਲਖਮੀਰਵਾਲਾ ਨੇ ਦੂਜਾ ਅਤੇ ਬਹਾਦਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਵਿੰਗ ਦੇ ਰੱਸਾਕਸ਼ੀ ਮੁਕਾਬਲੇ ਵਿੱਚ ਤੋਗਾਵਾਲ ਦੀ ਟੀਮ ਜੇਤੂ ਰਹੀ ਜਦਕਿ ਸ਼ੇਰੋਂ ਦੂਜੇ ਅਤੇ ਬਹਾਦਰਪੁਰ ਤੀਜੇ ਸਥਾਨ ‘ਤੇ ਰਹੀ। ਰੱਸਾਕਸ਼ੀ (ਜੂਨੀਅਰ ਵਿੰਗ) ਮੁਕਾਬਲਾ ਸਰਕਾਰੀ ਹਾਈ ਸਕੂਲ ਕੁਲਾਰਾਂ ਦੀ ਏ ਟੀਮ ਨੇ ਜਿੱਤਿਆ, ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਕੁਲਾਰਾਂ ਦੀ ਟੀਮ ਬੀ ਦੂਜੇ ਅਤੇ ਸਰਕਾਰੀ ਹਾਈ ਸਕੂਲ ਤੋਗਾਵਾਲ ਤੀਜੇ ਸਥਾਨ ‘ਤੇ ਰਹੀ।
ਇਸ ਮੌਕੇ ਬੋਲਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਹ ਟੂਰਨਾਮੈਂਟ ਹਰ ਸਾਲ ਕਰਵਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਸੋਚ ਅਧੀਨ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸਮਾਪਤੀ ਸਮਾਰੋਹ ਦੌਰਾਨ ਸੂਫ਼ੀ ਗਾਇਕ ਕਮਲ ਖਾਨ ਸੂਫੀਆਨਾ ਅੰਦਾਜ਼ ਨਾਲ ਗੀਤ ਗਾਕੇ ਗਾਇਕੀ ਦਾ ਰੰਗ ਬਿਖੇਰਿਆ। ਇਸ ਮੌਕੇ ਵਿਧਾਇਕ ਲਹਿਰਾਗਾਗਾ ਬਰਿੰਦਰ ਗੋਇਲ, ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸਐਸਪੀ ਸੁਰਿੰਦਰ ਲਾਂਬਾ, ਮੁੱਖ ਮੰਤਰੀ ਪੰਜਾਬ ਦੇ ਓਐਸਡੀ ਮਨਜੀਤ ਸਿੰਘ ਸਿੱਧੂ, ਮੀਡੀਆ ਇੰਚਾਰਜ ਜਤਿੰਦਰ ਜੈਨ, ਅਮਨ ਅਰੋੜਾ ਦੇ ਮਾਤਾ ਪਰਮੇਸ਼ਵਰੀ ਦੇਵੀ, ਕੈਬਨਿਟ ਮੰਤਰੀ ਦੇ ਧਰਮ ਪਤਨੀ ਸਬੀਨਾ ਅਰੋੜਾ, ਏ.ਡੀ.ਸੀ. ਵਰਜੀਤ ਵਾਲੀਆ, ਐਸ ਡੀ ਐਮ ਨਵਰੀਤ ਕੌਰ ਸੇਖੋਂ, ਡਾ. ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ ਢਿੱਲੋੰ, ਐਡ. ਹਰਪ੍ਰੀਤ ਸਿੰਘ ਸਿੱਧੂ, ਐਮ.ਸੀ. ਲੌਂਗੋਵਾਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ, ਮੀਤ ਪ੍ਰਧਾਨ ਰਣਜੀਤ ਸਿੰਘ ਕੂਕਾ ਅਤੇ ਵਿੱਕੀ ਵਸ਼ਿਸ਼ਟ ਹਾਜ਼ਰ ਸਨ।