ਨਵੀਂ ਦਿੱਲੀ: ਬੈਡਮਿੰਟਨ ਖਿਡਾਰੀ ਮਨਰਾਜ ਸਿੰਘ ਅਤੇ ਰਕਸ਼ਿਤਾ ਸ੍ਰੀ ਐੱਸ ਅਗਲੇ ਮਹੀਨੇ ਡੱਚ (ਨੈਦਰਲੈਂਡਜ਼) ਜੂਨੀਅਰ ਅਤੇ ਜਰਮਨ ਜੂਨੀਅਰ ਕੌਮਾਂਤਰੀ ਟੂਰਨਾਮੈਂਟ ਵਿੱਚ 19 ਮੈਂਬਰੀ ਭਾਰਤੀ ਦਲ ਦੀ ਅਗਵਾਈ ਕਰਨਗੇ। ਡੱਚ ਜੂਨੀਅਰ ਕੌਮਾਂਤਰੀ ਟੂਰਨਾਮੈਂਟ ਪਹਿਲੀ ਮਾਰਚ ਤੋਂ ਹਰਲਮ ਵਿੱਚ ਜਦਕਿ ਜਰਮਨ ਜੂਨੀਅਰ ਟੂਰਨਾਮੈਂਟ 8 ਮਾਰਚ ਤੋਂ ਬਰਲਿਨ ਵਿੱਚ ਸ਼ੁਰੂ ਹੋਵੇਗਾ। ਖਿਡਾਰੀਆਂ ਦੀ ਚੋਣ ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਵੱਲੋਂ ਗ੍ਰੇਟਰ ਨੋਇਡਾ ਵਿੱਚ 24 ਤੋਂ 27 ਜਨਵਰੀ ਤੱਕ ਕਰਵਾਏ ਗਏ ਚਾਰ ਰੋਜ਼ਾ ਚੋਣ ਟਰਾਇਲ ਦੇ ਆਧਾਰ ‘ਤੇ ਕੀਤੀ ਗਈ ਹੈ। ਟਰਾਇਲ ਦੌਰਾਨ ਭਾਰਤ ਦਾ 33ਵਾਂ ਦਰਜਾ ਪ੍ਰਾਪਤ ਖਿਡਾਰੀ ਮਨਰਾਜ ਪੁਰਸ਼ ਸਿੰਗਲਜ਼ ਵਰਗ ਵਿੱਚ ਸਿਖਰ ‘ਤੇ ਰਿਹਾ। ਇਸੇ ਤਰ੍ਹਾਂ ਉਭਰਦੀ ਸ਼ਟਲਰ ਰਕਸ਼ਿਤਾ ਮਹਿਲਾ ਸਿੰਗਲਜ਼ ਵਿੱਚ ਪਹਿਲੇ ਸਥਾਨ ‘ਤੇ ਰਹੀ। ਬੀਏਆਈ ਦੇ ਸਕੱਤਰ ਸੰਜੈ ਮਿਸ਼ਰਾ ਨੇ ਕਿਹਾ, “ਇਹ ਉਭਰਦੇ ਭਾਰਤੀ ਬੈਡਮਿੰਟਨ ਖਿਡਾਰੀਆਂ ਦਾ ਚੰਗਾ ਗਰੁੱਪ ਹੈ। ਇਹ ਜੂਨੀਅਰ ਸਰਕਟ ‘ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਨੇ ਚੋਣ ਟਰਾਇਲਾਂ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਕੇ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇਹ ਸਾਰੇ ਖਿਡਾਰੀ ਤਗਮੇ ਜਿੱਤ ਸਕਦੇ ਹਨ।” -ਪੀਟੀਆਈ