ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 11 ਫਰਵਰੀ
ਇੱਥੇ ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਕਰਵਾਏ ਜਾ ਰਹੇ 20ਵੇਂ ਰਾਜ ਪੱਧਰੀ ਫੁਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਕਲੱਬ ਪੱਧਰੀ ਮੁਕਾਬਲੇ ਵਿੱਚ ਸੰਤ ਭਾਗ ਸਿੰਘ ਯੂਨੀਵਰਸਿਟੀ ਜੱਬੜ ਦੀ ਟੀਮ 3-0 ਦੇ ਫਰਕ ਨਾਲ ਜੇ.ਸੀ.ਟੀ. ਫੁਟਬਾਲ ਅਕੈਡਮੀ ਫਗਵਾੜਾ ਨੂੰ ਹਰਾ ਕੇ ਸੈਮੀਫਾਈਨਲ ਵਿਚ ਪੁੱਜ ਗਈ ਹੈ। ਇਸੇ ਤਰ੍ਹਾਂ ਕਾਲਜ ਵਰਗ ਦੇ ਪਹਿਲੇ ਮੈਚ ਵਿਚ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਅਕੈਡਮੀ ਮਾਹਿਲਪੁਰ ਨੇ ਖਾਲਸਾ ਕਾਲਜ ਗੜ੍ਹਸ਼ੰਕਰ ਨੂੰ ਪੈਨਲਟੀ ਸਕੋਰਾਂ ਰਾਹੀਂ 4-1 ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾ ਲਈ ਹੈ। ਪਿੰਡ ਪੱਧਰੀ ਮੁਕਾਬਲੇ ਵਿਚ ਮੋਰਾਂਵਾਲੀ ਦੀ ਟੀਮ ਨੇ ਫਤਹਿਪੁਰ ਖੁਰਦ ਨੂੰ 2-1 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਮੁੱਖ ਮਹਿਮਾਨ ਵਜੋਂ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਅਤੇ ਅਮਰਪ੍ਰੀਤ ਸਿੰਘ ਲਾਲੀ ਜਨਰਲ ਸਕੱਤਰ ਕੁਲ ਹਿੰਦ ਯੂਥ ਕਾਂਗਰਸ ਤੇ ਹਲਕਾ ਇੰਚਾਰਜ ਵਲੋਂ ਸ਼ਿਰਕਤ ਕੀਤੀ ਗਈ। ਕਮੇਟੀ ਵਲੋਂ ਪ੍ਰਧਾਨ ਮੁਖਤਿਆਰ ਸਿੰਘ ਹੈਪੀ ਹੀਰ ਤੇ ਡਾ. ਹਰਵਿੰਦਰ ਸਿੰਘ ਬਾਠ ਸੀਨੀ. ਮੀਤ ਪ੍ਰਧਾਨ ਨੇ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਕਮੇਟੀ ਵਲੋਂ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਰੋਟਰੀ ਕਲੱਬ ਦੇ ਰਾਜ ਕੁਮਾਰ ਰਾਣਾ ਪ੍ਰਧਾਨ, ਐੱਸ.ਐੱਮ.ਓ. ਡਾ. ਰਮਨ ਕੁਮਾਰ, ਸ਼ਵਿਦਰਜੀਤ ਸਿੰਘ ਬੈਂਸ ਤੇ ਸਤਵਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।
ਅੰਤਰ ਖ਼ਾਲਸਾ ਕਾਲਜ ਟੂਰਨਾਮੈਂਟ ਸਮਾਪਤ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਖਾਲਸਾ ਕਾਲਜ ਵਿੱਚ 5 ਰੋਜ਼ਾ ਦੀਵਾਲੀ ‘7ਵਾਂ ਅੰਤਰ ਖ਼ਾਲਸਾ ਕਾਲਜ ਟੂਰਨਾਮੈਂਟ’ ਸ਼ਾਨੋ-ਸ਼ੌਕਤ ਨਾਲ ਸੰਪਨ ਹੋਇਆ। ਇਸ ਸਾਲ ਦੇ ਦੀਵਾਲੀ ਟੂਰਨਾਮੈਂਟ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖਾਲਸਾ ਸੰਸਥਾਵਾਂ ਦਰਮਿਆਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਕ੍ਰਿਕੇਟ, ਬਾਸਕਟਬਾਲ, ਬੈਡਮਿੰਟਨ, ਵਾਲੀਵਾਲ ਅਤੇ ਅਥਲੈਟਿਕਸ ਮੁੱਖ ਰੂਪ ‘ਚ ਸ਼ਾਮਲ ਸਨ। ਮੁਕਾਬਲਿਆਂ ਦੌਰਾਨ ਲੜਕਿਆਂ ‘ਚ ਖ਼ਾਲਸਾ ਕਾਲਜ ਨੇ ਜਿੱਤ ਦਰਜ ਕਰਵਾਉਂਦਿਆਂ ਪਹਿਲਾ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਨੇ ਪਹਿਲਾ ਰਨਰਅੱਪ ਰਿਹਾ। ਜਦਕਿ ਲੜਕੀਆਂ ‘ਚ ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਜੇਤੂ, ਖ਼ਾਲਸਾ ਕਾਲਜ ਫ਼ਾਰ ਵੂਮੈਨ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਅਤੇ ਖ਼ਾਲਸਾ ਕਾਲਜ ਆਫ਼ ਲਾਅ ਪਹਿਲਾ ਰਨਰਅੱਪ ਰਿਹਾ। ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵਜੋਂ ਪੁੱਜੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਨਾਮ ਤਕਸੀਮ ਕਰ ਕੇ ਸਨਮਾਨਿਤ ਕੀਤਾ।