ਰਾਂਚੀ: ਆਕਾਸ਼ਦੀਪ ਸਿੰਘ ਨੇ ਕੌਮੀ ਪੈਦਲ ਚਾਲ ਚੈਂਪੀਅਨਸ਼ਿਪ ਦੇ 20 ਕਿਲੋਮੀਟਰ ਮੁਕਾਬਲੇ ਵਿੱਚ ਪੁਰਸ਼ ਵਰਗ ਵਿੱਚ ਕੌਮੀ ਰਿਕਾਰਡ ਕਾਇਮ ਕਰਦਿਆਂ ਅੱਜ ਸੋਨ ਤਗ਼ਮਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਵਿਸ਼ਵ ਚੈਂਪੀਅਨਸ਼ਿਪ ਅਤੇ 2024 ਪੈਰਿਸ ਓਲੰਪਿਕ ਲਈ ਕੁਆਲੀਫਾਈ ਵੀ ਕੀਤਾ। ਬਰਨਾਲਾ ਜ਼ਿਲ੍ਹੇ ਵਿੱਚ ਕਾਹਨੇ ਕੇ ਪਿੰਡ ਦੇ 22 ਸਾਲਾ ਖਿਡਾਰੀ ਨੇ ਇੱਕ ਘੰਟਾ 19 ਮਿੰਟ ਤੇ 55 ਸੈਕਿੰਡ ਦਾ ਸਮਾਂ ਕੱਢ ਕੇ ਨਵਾਂ ਕੌਮੀ ਰਿਕਾਰਡ ਬਣਾਇਆ। ਪਿਛਲਾ ਰਿਕਾਰਡ ਸੰਦੀਪ ਕੁਮਾਰ (ਇੱਕ ਘੰਟਾ 20 ਮਿੰਟ ਤੇ 16 ਸੈਕਿੰਡ) ਦੇ ਨਾਮ ਸੀ। ਹਾਲਾਂਕਿ ਸੰਦੀਪ ਅੱਜ ਇੱਕ ਘੰਟੇ 23 ਮਿੰਟ ਤੇ 28 ਸੈਕਿੰਡ ਦੇ ਸਮੇਂ ਨਾਲ ਸੱਤਵੇਂ ਸਥਾਨ ‘ਤੇ ਰਿਹਾ। ਅਗਸਤ ਵਿੱਚ ਬੁਡਾਪੈਸਟ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੇ 2024 ਓਲੰਪਿਕ ਲਈ ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਚਾਲ ਦਾ ਕੁਆਲੀਫਾਈਂਗ ਸਮਾਂ ਇੱਕ ਘੰਟਾ 20 ਮਿੰਟ ਤੇ ਦਸ ਸੈਕਿੰਡ ਹੈ। ਮਹਿਲਾਵਾਂ ਦੇ 20 ਕਿਲੋਮੀਟਰ ਮੁਕਾਬਲੇ ਵਿੱਚ ਕੌਮੀ ਰਿਕਾਰਡ ਬਣਾਉਣ ਵਾਲੀ ਪ੍ਰਿਯੰਕਾ ਗੋਸਵਾਮੀ ਨੇ ਇੱਕ ਘੰਟਾ 28 ਮਿੰਟ ਤੇ 50 ਸੈਕਿੰਡ ਦੇ ਸਮੇਂ ਨਾਲ ਵਿਸ਼ਵ ਚੈਂਪੀਅਨਸ਼ਿਪ ਤੇ 2024 ਓਲੰਪਿਕ ਦੋਵਾਂ ਲਈ ਕੁਆਲੀਫਾਈ ਕੀਤਾ ਹੈ। -ਪੀਟੀਆਈ