ਲੰਡਨ: ਇੰਗਲੈਂਡ ਦੇ ਇੱਕ ਰੋਜ਼ਾ ਵਿਸ਼ਵ ਕੱਪ ਜੇਤੂ ਕਪਤਾਨ ਇਓਨ ਮੌਰਗਨ ਨੇ ਅੱਜ ਹਰ ਤਰ੍ਹਾਂ ਦੀ ਛੋਟੀ ਵੰਨਗੀ ਦੀ ਫਰੈਂਚਾਇਜ਼ੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਮੌਰਗਨ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ ਸੀ। 36 ਸਾਲ ਦੇ ਮੌਰਗਨ ਨੇ ਪਿਛਲੇ ਸਾਲ ਜੁਲਾਈ ਵਿੱਚ ਆਪਣੇ 16 ਸਾਲ ਦੇ ਕ੍ਰਿਕਟ ਕਰੀਅਰ ਤੋਂ ਸੰਨਿਆਸ ਲਿਆ ਸੀ, ਪਰ ਦੁਨੀਆਂ ਭਰ ਵਿੱਚ ਛੋਟੀ ਵੰਨਗੀ ਦੇ ਟੂਰਨਾਮੈਂਟ ਵਿੱਚ ਖੇਡਣਾ ਜਾਰੀ ਰੱਖਿਆ ਹੋਇਆ ਸੀ। ਮੌਰਗਨ ਨੇ ਕਿਹਾ, ”ਮੈਂ ਬਹੁਤ ਹੀ ਮਾਣ ਨਾਲ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਰਿਹਾ ਹਾਂ। ਕਾਫੀ ਸੋਚ-ਵਿਚਾਰ ਮਗਰੋਂ ਮੈਨੂੰ ਲੱਗਿਆ ਕਿ ਇਹ ਖੇਡ ਨੂੰ ਅਲਵਿਦਾ ਆਖਣ ਦਾ ਸਹੀ ਸਮਾਂ ਹੈ, ਕ੍ਰਿਕਟ ਨੇ ਏਨੇ ਸਾਲਾਂ ਵਿੱਚ ਮੈਨੂੰ ਕਾਫੀ ਕੁੱਝ ਦਿੱਤਾ ਹੈ।” -ਪੀਟੀਆਈ