ਕਾਠਮੰਡੂ, 14 ਫਰਵਰੀ
ਭਾਰਤ ਦੇ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਅੱਜ ਨੇਪਾਲ ਦੇ ਉਪ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਰੇਲਵੇ, ਨੀਤੀਆਂ ਅਤੇ ਸਮਝੌਤਿਆਂ ਬਾਰੇ ਵਿਚਾਰ-ਚਰਚਾ ਹੋਈ। ਇਸ ਤੋਂ ਇਲਾਵਾ ਨੇਪਾਲ ਵਿੱਚ ਭਾਰਤੀ ਕੰਪਨੀਆਂ ਦੇ ਪ੍ਰਾਜੈਕਟਾਂ ਸਣੇ ਬਿਜਲੀ ਤੇ ਊਰਜਾ ਦੇ ਖੇਤਰ ਵਿੱਚ ਸਹਿਯੋਗ ਲਈ ਉਸਾਰੂ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਕਵਾਤਰਾ ਆਪਣੀ ਦੋ ਰੋਜ਼ਾ ਅਧਿਕਾਰਿਤ ਨੇਪਾਲ ਫੇਰੀ ‘ਤੇ ਸੋਮਵਾਰ ਨੂੰ ਇੱਥੇ ਪੁੱਜ ਗਏ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਦੇਸ਼ ਦੇ ਸਿਖਰਲੇ ਆਗੂਆਂ ਨਾਲ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਬਹੁਪੱਖੀ ਸਹਿਯੋਗ ਸਣੇ ਵਪਾਰ, ਬਿਜਲੀ ਖੇਤਰ ‘ਚ ਸਹਿਯੋਗ, ਖੇਤੀਬਾੜੀ, ਸਿੱਖਿਆ, ਸੱਭਿਆਚਾਰ, ਸਿਹਤ ਨਾਲ ਜੁੜੇ ਖੇਤਰਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਕਵਾਤਰਾ ਨੇ ਮੰਗਲਵਾਰ ਨੂੰ ਉਪ ਪ੍ਰਧਾਨ ਮੰਤਰੀ ਨਾਰੇਯੰਕਾਜੀ ਸ਼੍ਰੇਸ਼ਠਾ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੀਟਿੰਗ ਕੀਤੀ। ਮੀਟਿੰਗ ‘ਚ ਸ਼੍ਰੇਸ਼ਠਾ ਨੇ ਨੇਪਾਲ ਦੀ ਰੇਲਵੇ ਲਾਈਨ, ਆਰਥਿਕ ਖੁਸ਼ਹਾਲੀ, ਨੇਪਾਲ ਵਿੱਚ ਭਾਰਤੀ ਨਿਵੇਸ਼ ਅਤੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਸਬੰਧੀ ਮਸਲਿਆਂ ‘ਤੇ ਵਿਚਾਰ-ਚਰਚਾ ਕੀਤੀ। ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਕਵਾਤਰਾ ਨੇ ਭਾਰਤੀ ਕੰਪਨੀ ਵੱਲੋਂ ਚਲਾਏ ਜਾ ਜੈਨਗਰ-ਕੁਰਥਾ ਰੇਲਵੇ ਦੇ ਨਵੀਨੀਕਰਨ ਦਾ ਮੁੱਦਾ ਵੀ ਉਠਾਇਆ ਕਿਉਂਕਿ ਇਸ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। -ਪੀਟੀਆਈ