ਨਵੀਂ ਦਿੱਲੀ: ਹਾਕੀ ਇੰਡੀਆ ਦੇ ਪ੍ਰਧਾਨ ਦਲੀਪ ਟਿਰਕੀ ਨੇ ਕਿਹਾ ਹੈ ਕਿ ਜ਼ਮੀਨੀ ਪੱਧਰ ‘ਤੇ ਖੇਡ ਦੇ ਵਿਕਾਸ ਦੀ ਮੁਹਿੰਮ ਵਿੱਚ ਹਾਕੀ ਇੰਡੀਆ ਦੇਸ਼ ਭਰ ਵਿੱਚ ਸਬ-ਜੂਨੀਅਰ (ਅੰਡਰ-17) ਅਤੇ ਜੂਨੀਅਰ (ਅੰਡਰ-19) ਵਰਗਾਂ ਵਿੱਚ ਖੇਤਰੀ ਪੱਧਰ ਦੇ ਟੂਰਨਾਮੈਂਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦੇਸ਼ ਲਈ 400 ਕੌਮਾਂਤਰੀ ਮੈਚ ਖੇਡ ਚੁੱਕੇ ਟਿਰਕੀ ਨੇ ਕੌਮੀ ਚੈਂਪੀਅਨਸ਼ਿਪ ਦੀ ਮਹੱਤਤਾ ਦੁਹਰਾਉਂਦੇ ਹੋਏ ਕਿਹਾ ਕਿ ਜ਼ਮੀਨੀ ਪੱਧਰ ‘ਤੇ ਇਕ ਖੇਤਰੀ ਪ੍ਰਣਾਲੀ ਸ਼ੁਰੂ ਕਰਨ ਦੀ ਲੋੜ ਹੈ ਤਾਂ ਜੋ ਉਭਰਦੇ ਹੋਏ ਖਿਡਾਰੀ ਜ਼ਿਆਦਾ ਤੋਂ ਜ਼ਿਆਦਾ ਮੈਚ ਖੇਡ ਸਕਣ। ਸਾਬਕਾ ਭਾਰਤੀ ਕਪਤਾਨ ਟਿਰਕੀ ਨੇ ਹਾਕੀ ਇੰਡੀਆ ਦੀ ‘ਪੋਡਕਾਸਟ ਲੜੀ ‘ਹਾਕੀ ‘ਤੇ ਚਰਚਾ’ ਵਿੱਚ ਕਿਹਾ, ”ਕਿਸੇ ਵੀ ਖੇਡ ਦੇ ਵਿਕਾਸ ਲਈ ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਵਿਕਸਤ ਕਰਨਾ ਜ਼ਰੂਰੀ ਹੈ। ਮਜ਼ਬੂਤ ਨੀਂਹ ਨਾਲ ਚੰਗੇ ਖਿਡਾਰੀ ਨਿਕਲਦੇ ਹਨ।” ਉਨ੍ਹਾਂ ਕਿਹਾ, ”ਲੰਘੇ ਸਮੇਂ ਵਿੱਚ ਸਬ ਜੂਨੀਅਰ (ਅੰਡਰ-17) ਅਤੇ ਜੂਨੀਅਰ (ਅੰਡਰ-19) ਵਰਗਾਂ ਦੇ ਖਿਡਾਰੀ ਜ਼ਿਆਦਾ ਮੈਚ ਨਹੀਂ ਖੇਡਦੇ ਸਨ। ਅਸੀਂ ਖੇਤਰੀ ਪ੍ਰਣਾਲੀ ਦੇ ਟੂਰਨਾਮੈਂਟ ਸ਼ੁਰੂ ਕਰ ਕੇ ਇਸ ਵਿੱਚ ਸੁਧਾਰ ਕਰਾਂਗੇ ਜਿਸ ਵਿੱਚ ਉਹ ‘ਇੰਟਰਾ ਜ਼ੋਨ’ ਅਤੇ ‘ਇੰਟਰ ਜ਼ੋਨ’ ਮੁਕਾਬਲੇ ਖੇਡਣਗੇ।” -ਪੀਟੀਆਈ