ਸੰਯੁਕਤ ਰਾਸ਼ਟਰ, 24 ਫਰਵਰੀ
ਭਾਰਤ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਯੂਕਰੇਨ ਨੂੰ ਲੈ ਕੇ ਪੇਸ਼ ਮਤੇ ਮੌਕੇ ਗੈਰਹਾਜ਼ਰ ਰਿਹਾ। ਮਤੇ ਵਿੱਚ ਰੂਸ ਨੂੰ ਯੂਕਰੇਨ ਵਿੱਚ ਜੰਗ ਖ਼ਤਮ ਕਰਨ ਤੇ ਉਥੋਂ ਆਪਣੀਆਂ ਫੌਜਾਂ ਵਾਪਸ ਸੱਦਣ ਦੀ ਮੰਗ ਕੀਤੀ ਗਈ ਸੀ। 193 ਮੈਂਬਰੀ ਜਨਰਲ ਅਸੈਂਬਲੀ ਵਿਚ ਮਤੇ ਦੇ ਹੱਕ ਵਿੱਚ 141 ਤੇ ਵਿਰੋਧ ਵਿੱਚ ਸੱਤ ਵੋਟ ਪੲੇ ਜਦੋਂਕਿ ਭਾਰਤ ਸਣੇ 32 ਮੁਲਕ ਵੋਟਿੰਗ ਦੌਰਾਨ ਗੈਰਹਾਜ਼ਰ ਰਹੇ। ਮਤੇ ਵਿੱਚ ਯੂਕਰੇਨ ‘ਚ ‘ਵਿਆਪਕ, ਨਿਆਂਪੂਰਨ ਤੇ ਸਥਾਈ ਸ਼ਾਂਤੀ’ ਤੱਕ ਪੁੱਜਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਉਂਜ ਭਾਰਤ ਨੇ ਅਸੈਂਬਲੀ ਵਿੱਚ ਸਵਾਲ ਕੀਤਾ ਕਿ ਕੀ ਕੁੱਲ ਆਲਮ ਇਸ ਮਸਲੇ ਦੇ ਕਿਸੇ ਸੰਭਾਵੀ ਹੱਲ ਦੇ ਨੇੜੇ-ਤੇੜੇ ਵੀ ਹੈ’, ਜੋ ਮਾਸਕੋ ਤੇ ਕੀਵ ਨੂੰ ਸਵੀਕਾਰ ਹੋਵੇ।
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਵੀਰਵਾਰ ਨੂੰ ਯੂਕਰੇਨ ਤੇ ਉਸ ਦੇ ਹਮਾਇਤੀ ਮੁਲਕਾਂ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਪਾਸ ਕਰ ਦਿੱਤਾ। ਮਤੇ ਵਿੱਚ ‘ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਮੁਤਾਬਕ ਯੂਕਰੇਨ ‘ਚ ਛੇਤੀ ਤੋਂ ਛੇਤੀ ਇਕ ਵਿਆਪਕ, ਨਿਆਂਸੰਗਤ ਤੇ ਸਥਾਈ ਸ਼ਾਂਤੀ ਤੱਕ ਪੁੱਜਣ ਦੀ ਲੋੜ’ ਉੱਤੇ ਜ਼ੋਰ ਦਿੱਤਾ ਗਿਆ। ਮਤੇ ਨੂੰ ਸਵੀਕਾਰ ਕਰਨ ਮਗਰੋਂ ਵੋਟ ਦੀ ਵਿਆਖਿਆ ਦੌਰਾਨ ਯੂਐੱਨ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਕਿ ਜਨਰਲ ਅਸੈਂਬਲੀ ਯੂਕਰੇਨ ਜੰਗ ਦੇ ਇਕ ਸਾਲ ‘ਤੇ ਜ਼ੋਰ ਦਿੰਦੀ ਹੈ, ਲਿਹਾਜ਼ਾ ਇਹ ਜ਼ਰੂਰੀ ਹੋ ਜਾਂਦਾ ਹੈ ਕਿ ‘ਅਸੀਂ ਖ਼ੁਦ ਤੋਂ ਸਵਾਲ ਪੁੱਛੀਏ।’ ਕੰਬੋਜ ਨੇ ਕਿਹਾ, ”ਕੀ ਅਸੀਂ ਦੋਵਾਂ ਧਿਰਾਂ ਲਈ ਸਵੀਕਾਰਯੋਗ ਸੰਭਾਵੀ ਹੱਲ ਦੇ ਕਰੀਬ ਹਾਂ? ਕੀ ਕੋਈ ਵੀ ਅਜਿਹੀ ਪ੍ਰਕਿਰਿਆ ਜਿਸ ਵਿਚ ਦੋਵੇਂ ਧਿਰਾਂ ਵਿਚੋਂ ਕੋਈ ਵੀ ਸ਼ਾਮਲ ਨਹੀਂ ਹੈ, ਸਾਨੂੰ ਇਕ ਭਰੋਸੇਯੋਗ ਤੇ ਸਾਰਥਕ ਹੱਲ ਵੱਲ ਲਿਜਾਂਦੀ ਹੈ? ਕੀ ਸੰਯੁਕਤ ਰਾਸ਼ਟਰ ਪ੍ਰਣਾਲੀ ਤੇ ਵਿਸ਼ੇਸ਼ ਰੂਪ ‘ਚ ਇਸ ਦਾ ਪ੍ਰਮੁੱਖ ਅੰਗ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਆਲਮੀ ਸ਼ਾਂਤੀ ਤੇ ਸੁਰੱਖਿਆ ਲਈ ਮੌਜੂਦਾ ਚੁਣੌਤੀਆਂ ਦੇ ਹੱਲ ਵਿੱਚ ਅਸਰਹੀਣ ਨਹੀਂ ਹੋ ਗਈ ਹੈ?” ਕੰਬੋਜ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਯੂਕਰੇਨ ਦੀ ਹਾਲਤ ਤੋਂ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਜੰਗ ਕਰਕੇ ਅਣਗਿਣਤ ਲੋਕਾਂ ਦੀ ਜਾਨ ਗਈ ਹੈ, ਲੱਖਾਂ ਲੋਕ ਘਰੋਂ ਬੇਘਰ ਹੋ ਗਏ ਤੇ ਉਹ ਗੁਆਂਢੀ ਮੁਲਕਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹਨ। ਕੰਬੋਜ ਨੇ ਕਿਹਾ ਕਿ ਆਮ ਨਾਗਰਿਕਾਂ ਤੇ ਗੈਰਫੌਜੀ ਬੁਨਿਆਦੀ ਢਾਂਚਿਆਂ ‘ਤੇ ਹਮਲਿਆਂ ਦੀ ਖ਼ਬਰ ਬਹੁਤ ਚਿੰਤਾਜਨਕ ਹੈ। ਉਂਜ ਮਤੇ ਵਿੱਚ ਮੈਂਬਰ ਮੁਲਕਾਂ ਤੇ ਕੌਮਾਂਤਰੀ ਜਥੇਬੰਦੀਆਂ ਤੋਂ ਚਾਰਟਰ ਮੁਤਾਬਕ ਯੂਕਰੇਨ ਵਿੱਚ ਵਿਆਪਕ, ਨਿਆਂਸੰਗਤ ਤੇ ਸਥਾਈ ਸ਼ਾਂਤੀ ਲਈ ਕੂਟਨੀਤਕ ਯਤਨਾਂ ਲਈ ਹਮਾਇਤ ਨੂੰ ਦੁੱਗਣਾ ਕਰਨ ਦਾ ਸੱਦਾ ਦਿੱਤਾ ਗਿਆ। ਕੰਬੋਜ ਨੇ ਦੁਹਰਾਇਆ ਕਿ ਭਾਰਤ ਬਹੁ-ਸੰਮਤੀਵਾਦ ਲਈ ਦ੍ਰਿੜਤਾ ਨਾਲ ਪ੍ਰਤੀਬੱਧ ਹੈ ਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਨੂੰ ਮੰਨਦਾ ਹੈ। ਯੂਕਰੇਨ ਨੂੰ ਲੈ ਕੇ ਐਮਰਜੈਂਸੀ ਵਿਸ਼ੇਸ਼ ਇਜਲਾਸ ਵਿੱੱਚ ਯੂਐੱਨ ਜਨਰਲ ਅਸੈਂਬਲੀ ਪਿਛਲੇ ਇਕ ਸਾਲ ਵਿੱਚ 6 ਵਾਰ ਬੈਠਕ ਕਰ ਚੁੱਕੀ ਹੈ। ਭਾਰਤ ਦੇ ਰੂਸ ਨਾਲ ਚੰਗੇ ਸਬੰਧ ਹਨ ਤੇ ਉਹ ਯੂਕਰੇਨ ਬਾਰੇ ਯੂਐਨ ਦੇ ਮਤਿਆਂ ਤੋਂ ਦੂਰ ਰਿਹਾ ਹੈ, ਪਰ ਉਸ ਨੇ ਲਗਾਤਾਰ ਸੰਯੁਕਤ ਰਾਸ਼ਟਰ ਚਾਰਟਰ, ਕੌਮਾਂਤਰੀ ਕਾਨੂੰਨ ਤੇ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਸਨਮਾਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। -ਪੀਟੀਆਈ
ਭਾਰਤ ਨੇ ਜੰਮੂ ਕਸ਼ਮੀਰ ਮਸਲਾ ਚੁੱਕਣ ਲਈ ਪਾਕਿਸਤਾਨ ਨੂੰ ਭੰਡਿਆ
ਸੰਯੁਕਤ ਰਾਸ਼ਟਰ: ਭਾਰਤ ਨੇ ਯੂਐੱਨ ਜਨਰਲ ਅਸੈਂਬਲੀ ਵਿੱਚ ਯੂਕਰੇਨ ਬਾਰੇ ਸੱਦੇ ਵਿਸ਼ੇਸ਼ ਇਜਲਾਸ ਦੌਰਾਨ ਜੰਮੂ ਕਸ਼ਮੀਰ ਦਾ ਹਵਾਲਾ ਦੇਣ ਲਈ ਪਾਕਿਸਤਾਨ ਨੂੰ ਭੰਡਿਆ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੀ ਇਹ ਭੜਕਾਊ ਕਾਰਵਾਈ ‘ਅਫ਼ਸੋਸਨਾਕ ਤੇ ਬੇਮੌਕਾ’ ਹੈ ਤੇ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਛੁਪਣਗਾਹਾਂ ਮੁਹੱਈਆ ਕਰਵਾਉਣ ਤੇ ਉਨ੍ਹਾਂ ਦੀ ਪੁਸ਼ਤਪਨਾਹੀ ਦਾ ਗੁਆਂਢੀ ਮੁਲਕ ਦਾ ਪੁਰਾਣਾ ਰਿਕਾਰਡ ਰਿਹਾ ਹੈ। ਯੂਐੱਨ ਵਿੱਚ ਭਾਰਤ ਦੇ ਸਥਾਈ ਮਿਸ਼ਨ ‘ਚ ਕੌਂਸਲਰ ਪ੍ਰਤੀਕ ਮਾਥੁਰ ਨੇ ਕਿਹਾ, ”ਪਾਕਿਸਤਾਨ ਨੂੰ ਸਿਰਫ਼ ਖੁ਼ਦ ‘ਤੇ ਅਤੇ ਆਪਣੇ ਪੁਰਾਣੇ ਟਰੈਕ ਰਿਕਾਰਡ ‘ਤੇ ਹੀ ਝਾਤ ਮਾਰ ਲੈਣੀ ਚਾਹੀਦਾ ਹੈ, ਜੋ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਕਰਦਾ ਰਿਹਾ ਹੈ।” -ਪੀਟੀਆਈ