ਕੀਵ, 24 ਫਰਵਰੀ
ਰੂਸ ਅਤੇ ਯੂਕਰੇਨ ਵਿਚਕਾਰ ਜੰਗ ਅੱਜ ਦੂਜੇ ਵਰ੍ਹੇ ‘ਚ ਦਾਖ਼ਲ ਹੋ ਗਈ ਹੈ ਅਤੇ ਇਸ ਦੇ ਖ਼ਤਮ ਹੋਣ ਦਾ ਕੋਈ ਨਾਮੋ-ਨਿਸ਼ਾਨ ਦਿਖਾਈ ਨਹੀਂ ਦੇ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਅਹਿਦ ਲਿਆ ਹੈ ਕਿ ਉਹ ਹਰ ਇਕ ਨੂੰ ਹਰਾ ਕੇ ਰਹਿਣਗੇ। ਜ਼ੈਲੇਂਸਕੀ ਨੇ ਕਿਹਾ ਕਿ ਪਿਛਲੇ ਸਾਲ 24 ਫਰਵਰੀ ਨੂੰ ਜੰਗ ਸ਼ੁਰੂ ਹੋਈ ਸੀ ਅਤੇ ਇਹ ਯੂਕਰੇਨ ਦੇ ਇਤਿਹਾਸ ਦਾ ਸਭ ਤੋਂ ਮੁਸ਼ਕਲ ਭਰਿਆ ਦਿਨ ਸੀ। ‘ਅਸੀਂ ਉਸ ਦਿਨ ਤੜਕੇ ਜਾਗੇ ਸੀ ਅਤੇ ਉਦੋਂ ਤੋਂ ਅਜੇ ਤੱਕ ਸੁੱਤੇ ਨਹੀਂ ਹਾਂ।’ ਉਧਰ ਰੂਸ ਦੇ ਰੱਖਿਆ ਮੰਤਰੀ ਨੇ ਵੀਰਵਾਰ ਨੂੰ ਪੱਛਮ ‘ਤੇ ਦੋਸ਼ ਲਾਇਆ ਕਿ ਉਹ ਰੂਸ ਦੇ ਟੋਟੇ ਕਰਨ ਲਈ ਯੂਕਰੇਨ ਦੀ ਵਰਤੋਂ ਕਰ ਰਿਹਾ ਹੈ। ਬਰਲਿਨ ‘ਚ ਇਕ ਰੂਸੀ ਟੈਂਕ ਖੜ੍ਹਾ ਕੇ ਯੂਕਰੇਨ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਆਪਣੇ ਦਫ਼ਤਰ ਦੇ ਬਾਹਰ ਯੂਕਰੇਨੀ ਸਫ਼ੀਰ ਅਤੇ ਜਵਾਨਾਂ ਨਾਲ ਮਿਲ ਕੇ ਇਕ ਮਿੰਟ ਦਾ ਮੌਨ ਧਾਰਿਆ। ਕਿੰਗ ਚਾਰਲਸ ਤੀਜੇ ਨੇ ਯੂਕਰੇਨੀ ਲੋਕਾਂ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਸੁਨੇਹਾ ਜਾਰੀ ਕੀਤਾ। ਟੋਕੀਓ ਅਤੇ ਸਿਓਲ ‘ਚ ਅਮਨ ਰੈਲੀਆਂ ਕੱਢੀਆਂ ਗਈਆਂ। ਇੰਡੋਨੇਸ਼ੀਆ ਦੇ ਬਾਲੀ ‘ਚ ਯੂਕਰੇਨੀ ਕੌਂਸੁਲੇਟ ਦੇ ਬਾਹਰ ਮਾਰੇ ਗਏ ਲੋਕਾਂ ਦੀ ਯਾਦ ‘ਚ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਯੂਰੋਪ ਦੇ ਕਈ ਹੋਰ ਸ਼ਹਿਰਾਂ ‘ਚ ਵੀ ਯੂਕਰੇਨ ਦੀ ਹਮਾਇਤ ‘ਚ ਮਾਰਚ ਕੱਢੇ ਗਏ। -ਰਾਇਟਰਜ਼