ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਮਾਰਚ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੀਆਂ ਅੱਜ ਹੋਈਆਂ 62ਵੀਆਂ ਖੇਡਾਂ ਦੇ 1500 ਮੀਟਰ ਦੌੜ ਮੁਕਾਬਲੇ ‘ਚ ਲੜਕੀਆਂ ਵਿੱਚੋਂ ਅਨੁੂ ਗਰੇਵਾਲ ਅਤੇ ਲੜਕਿਆਂ ਵਿੱਚੋਂ ਸੋਮਰਾਜ ਜੇਤੂ ਰਹੇ। ਖੇਡਾਂ ਦੇ ਅੱਜ ਪਹਿਲੇ ਦਿਨ ਜੈਨਕੋ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਅਰਜੁਨ ਐਵਾਰਡੀ ਗੁਰਬੀਰ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕਾਲਜ ਨੂੰ ਸ਼ੂਟਿੰਗ ਰੇਂਜ, ਬਾਸਕਿਟਬਾਲ ਕੋਰਟ, ਲਿਫਟ ਦੇ ਲਈ ਐਲੂਮਨੀ ਫੰਡ ਵਿੱਚੋਂ ਮਦਦ ਦੇਣ ਦੀ ਵੀ ਗੱਲ ਆਖੀ।ਕਾਲਜ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਡਾਇਰੈਕਟਰ ਇੰਦਰਪਾਲ ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਅੱਜ ਹੋਏ ਵੱਖ ਵੱਖ ਮੁਕਾਬਲਿਆਂ ਦੇ ਮਿਲੇ ਨਤੀਜਿਆਂ ਅਨੁਸਾਰ ਲੜਕਿਆਂ ਦੀ 1500 ਮੀਟਰ ਦੌੜ ਵਿੱਚੋਂ ਸੋਮਰਾਜ, ਦਵਿੰਦਰ ਕੁਮਾਰ ਅਤੇ ਪਵਨ ਸਿੰਘ ਬਿਸ਼ਟ, ਲੜਕੀਆਂ ਵਿੱਚੋਂ ਅਨੁ ਗਰੇਵਾਲ, ਅਦਿਤੀ ਅਤੇ ਕੋਮਲ, ਲੜਕੀਆਂ ਦੇ ਜੇਵਲਿਨ ਥਰੋਅ ਮੁਕਾਬਲੇ ‘ਚ ਸਿਮਰਨਜੀਤ ਕੌਰ, ਰਵਨੀਤ ਗਰੇਵਾਲ ਅਤੇ ਸਮਰੂਪ, ਲੜਕਿਆਂ ਵਿੱਚੋਂ ਇਕਬਾਲ ਸਿੰਘ, ਗਗਨਦੀਪ ਸਿੰਘ ਅਤੇ ਸੁਮਨ ਸ਼ੇਖਰ, ਲੜਕੀਆਂ ਦੇ ਲੰਬੀ ਛਾਲ ਮੁਕਾਬਲੇ ਵਿੱਚੋਂ ਅਨੁੂ ਗਰੇਵਾਲ, ਪੁਨੀਤ ਗਰੇਵਾਲ ਅਤੇ ਅੰਜਲੀ ਯਾਦਵ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਡੀਡੀ ਜੈਨ ਕਾਲਜ ਦੀ ਖਿਡਾਰਨ ਦੀਕਸ਼ਾ ਸਰਵੋਤਮ ਅਥਲੀਟ ਬਣੀ
ਲੁਧਿਆਣਾ (ਖੇਤਰੀ ਪ੍ਰਤੀਨਿਧ): ਡੀਡੀ ਜੈਨ ਕਾਲਜ ਦੀਆਂ ਅੱਜ ਹੋਈਆਂ ਸਾਲਾਨਾ ਖੇਡਾਂ ਵਿੱਚ ਜ਼ਿਲ੍ਹਾ ਅਟਾਰਨੀ ਪੁਨੀਤ ਜੱਗੀ ਨੇ ਮੁੱਖ ਮਹਿਮਾਨ ਵਜੋਂ ਜਦਕਿ ਰੋਸ਼ਨ ਜਿੰਦਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਉਂਦਿਆਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਡਾ. ਕੁਲਦੀਪ ਕੌਰ ਨੇ ਖੇਡਾਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਕਾਲਜ ਪ੍ਰਿੰਸੀਪਲ ਡਾ. ਸਰਿਤਾ ਬਹਿਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਡੀਡੀ ਜੈਨ ਕਾਲਜ ਵਿੱਚ ਅੱਜ ਹੋਈਆਂ ਖੇਡਾਂ ਦੌਰਾਨ 100 ਮੀਟਰ ਦੀ ਦੌੜ ਵਿੱਚੋਂ ਦਿਕਸ਼ਾ, ਜੋਤੀ ਅਤੇ ਖੁਸ਼ੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚੋਂ ਦੀਕਸ਼ਾ ਨੇ ਪਹਿਲਾ, ਸਾਧਨਾ ਨੇ ਦੂਜਾ ਜਦਕਿ ਪੂਜਾ ਅਦੇ ਰਾਧਿਕਾ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਦਿਕਸ਼ਾ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ। ਇਸ ਮੌਕੇ ਪ੍ਰਬੰਧਕੀ ਕਮੇਟੀ ਨੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ 1.51 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ।