ਗਵਾਲੀਅਰ: ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰੈਸਟ ਆਫ ਇੰਡੀਆ ਨੇ ਅੱਜ ਮੱਧ ਪ੍ਰਦੇਸ਼ ਨੂੰ 238 ਦੌੜਾਂ ਨਾਲ ਹਰਾ ਕੇ ਇਰਾਨੀ ਕੱਪ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਮੱਧ ਪ੍ਰਦੇਸ਼ ਦੀ ਟੀਮ ਜਿੱਤ ਲਈ ਮਿਲੇ 437 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ 58.4 ਓਵਰਾਂ ਵਿੱਚ 198 ਦੌੜਾਂ ‘ਤੇ ਆਊਟ ਹੋ ਗਈ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਤੇ ਅਤੀਤ ਸੇਠ ਨੇ ਦੋ-ਦੋ ਅਤੇ ਨਵਦੀਪ ਸੈਣੀ ਨੇ ਇੱਕ ਵਿਕਟ ਲਈ ਜਦਕਿ ਸਪਿੰਨਰ ਪੁਲਕਿਤ ਨਾਰੰਗ ਤੇ ਸੌਰਭ ਕੁਮਾਰ ਦੇ ਹਿੱਸੇ ਕ੍ਰਮਵਾਰ ਦੋ ਤੇ ਤਿੰਨ ਵਿਕਟਾਂ ਆਈਆਂ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰੈਸਟ ਆਫ ਇੰਡੀਆ ਨੇ ਆਪਣੀ ਪਹਿਲੀ ਪਾਰੀ ਵਿੱਚ 484 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਮੱਧ ਪ੍ਰਦੇਸ਼ ਦੀ ਟੀਮ ਸਿਰਫ 294 ਦੌੜਾਂ ਹੀ ਬਣਾ ਸਕੀ। ਇਸ ਮਗਰੋਂ ਰੈਸਟ ਆਫ ਇੰਡੀਆ ਨੇ ਦੂਜੀ ਪਾਰੀ ਵਿੱਚ 246 ਦੌੜਾਂ ਬਣਾ ਕੇ 437 ਦੌੜਾਂ ਦਾ ਟੀਚਾ ਦਿੱਤਾ ਪਰ ਮੱਧ ਪ੍ਰਦੇਸ਼ ਦੀ ਟੀਮ 198 ਦੌੜਾਂ ‘ਤੇ ਆਊਟ ਹੋ ਗਈ। -ਪੀਟੀਆਈ